ਖੰਨਾ, 28 ਨਵੰਬਰ : ਖੰਨਾ ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਪੰਜਾਬ ਵਿਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦਾ ਪਰਦਾਫਾਸ਼ ਕੀਤਾ ਹੈ। ਇਸ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਦੇ ਕਬਜ਼ੇ ਵਿਚੋਂ 11 ਹਥਿਆਰ ਮਿਲੇ। ਦੂਜੇ ਮਾਮਲੇ ਵਿਚ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਇਕ ਹੋਰ ਸਪਲਾਇਰ ਨੂੰ ਫੜਿਆ ਗਿਆ। ਦੋ ਮਾਮਲਿਆਂ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕਰਕੇ 14 ਪਿਸਤੌਲਾਂ, 18 ਮੈਗਜ਼ੀਨ ਤੇ 3 ਕਾਰਤੂਸਰ ਬਰਾਮਦ ਕੀਤੇ ਗਏ। ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਦੋਰਾਹਾ ਵਿਚ ਨਾਕਾਬੰਦੀ ਦੌਰਾਨ 21 ਨਵੰਬਰ ਨੂੰ ਲੁਧਿਆਣਾ ਦੇ ਰਹਿਣ ਵਾਲੇ ਮੋਹਿਤ ਜਗੋਤਾ ਤੇ ਦਿਵਾਂਸ਼ੂ ਧੀਰ ਨੂੰ 1 ਪਿਸਤੌਲ ਤੇ 2 ਮੈਗਜ਼ੀਨ ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੀ ਪੁੱਛਗਿਛ ਵਿਚ ਖੁਲਾਸੇ ਹੋਏ ਕਿ ਉਹ ਮੱਧ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਲਿਆਏ ਸਨ। ਸੀਆਈਏ ਟੀਮ ਨੇ 25 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਬੁਹਰਾਨਪੁਰ ਵਿਚ ਛਾਪਾ ਮਾਰਿਆ ਤਾਂ ਉਥੇ ਗੁਰਲਾਲ ਉਚਵਾਰੀ ਤੇ ਰਵਿੰਦਰ ਸ਼ੰਕਰ ਨਿਗਵਾਲ ਨੂੰ ਗ੍ਰਿਫਤਾਰ ਕਰਕੇ 10 ਪਿਸਤੌਲਾਂ ਤੇ ਮੈਗਜ਼ੀਨ ਬਰਾਮਦ ਕੀਤੇ ਗਏ। ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਪੰਜਾਬ ਵਿਚ ਹਥਿਆਰ ਸਪਲਾਈ ਕਰਦਾ ਸੀ। ਮੱਧ ਪ੍ਰਦੇਸ਼ ਤੋਂ ਜਿਹੜੇ ਦੋ ਲੋਕਾਂ ਮੋਹਿਤ ਜਗੋਤਾ ਤੇ ਦਿਵਾਂਸ਼ੂ ਧੀਰ ਨੂੰ ਹਥਿਆਰ ਸਪਲਾਈ ਕਰਨ ਭੇਜਿਆ ਸੀ, ਉਨ੍ਹਾਂ ਖਿਲਾਫ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ। ਹਥਿਆਰ ਸਪਲਾਇਰ ਗੁਰਲਾਲ ਖਿਲਾਫ ਮੱਧਪ੍ਰਦੇਸ਼ ਦੇ ਭੋਪਾਲ ਵਿਚ ਕੇਸ ਦਰਜ ਹੈ। 10 ਸਾਲ ਪੁਰਾਣੇ ਇਸ ਕੇਸ ਵਿਚ ਗੁਰਲਾਲ ਨੂੰ ਸਜ਼ਾ ਹੋਈ ਹੈ। ਗੁਰਲਾਲ ਦੇ ਸਾਥੀ ਰਵਿੰਦਰ ਸ਼ੰਕਰ ਖਿਲਾਫ ਵੀ ਕੋਈ ਕੇਸ ਦਰਜ ਨਹੀਂ ਹੈ। ਦੂਜੇ ਮਾਮਲੇ ਵਿਚ ਰਕਸ਼ਿਤ ਸੈਣੀ ਖਿਲਾਫ ਐੱਸਏਐੱਸ ਨਗਰ ਵਿਚ ਇਕ ਤੇ ਅੰਮ੍ਰਿਤਸਰ ਵਿਚ 2 ਕੇਸ ਦਰਜ ਹਨ। ਇਸ ਕੇਸ ਵਿਚ ਉਹ ਭਗੌੜਾ ਹੈ।