ਸਾਡੀਆਂ ਨਸਲਾਂ, ਫਸਲਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਜਗਜੀਤ ਸਿੰਘ ਡੱਲੇਵਾਲ ਆਪਣੀ ਜ਼ਿੰਦਗੀ ਦਾਅ ਉੱਪਰ ਲਗਾ ਕੇ ਮਰਨ ਵਰਤ ਉੱਪਰ ਬੈਠੇ ਹਨ : ਬਲਵਿੰਦਰ ਸਿੰਘ ਘੇਲ

  • ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਸਾਰੇ ਵਰਗਾਂ ਨੇ ਕੀਤਾ ਸੰਪੂਰਨ ਪੰਜਾਬ ਬੰਦ

ਸ੍ਰੀ ਫ਼ਤਹਿਗੜ੍ਹ ਸਾਹਿਬ, 30 ਦਸੰਬਰ 2024 (ਹਰਪ੍ਰੀਤ ਸਿੰਘ ਗੁੱਜਰਵਾਲ) : ਕੇਂਦਰ ਸਰਕਾਰ ਵੱਲੋਂ ਮੰਨੀਆ ਗਈਆ ਮੰਗਾਂ ਨੂੰ ਅਤੇ ਸਰਕਾਰ ਵੱਲੋ ਵਾਰ ਵਾਰ ਕੀਤੇ ਗਏ ਵਾਦਿਆਂ ਨੂੰ ਲਾਗੂ ਕਰਵਾਉਣ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਿੱਛਲੇ 35 ਦਿਨਾਂ ਤੋਂ ਮਰਨ ਵਰਤ ਉੱਪਰ ਬੈਠੇ ਹਨ ਜਿਸ ਸਬੰਧੀ ਉਹਨਾਂ ਦੇ ਹੱਕ ਚ ਹਾਅ ਦਾ ਨਾਅਰਾ ਮਾਰਨ ਲਈ ਸਾਰੇ ਵਰਗਾਂ ਨਾਲ ਸਬੰਧਿਤ ਲੋਕਾਂ ਦਾ ਜਨ ਸੈਲਾਬ ਸੜਕਾਂ ਉੱਪਰ ਉਮੜਿਆ ਅਤੇ ਜਗਜੀਤ ਸਿੰਘ ਡੱਲੇਵਾਲ ਵੱਲੋ ਲੋਕਾਈ ਦੇ ਹੱਕਾਂ ਲਈ ਲੜੇ ਜਾ ਰਹੇ ਜਨ ਅੰਦੋਲਨ ਨੂੰ ਹਰ ਇੱਕ ਜਥੇਬੰਦੀ, ਹਰ ਇੱਕ ਵਰਗ ਵੱਲੋ ਸਮਰਥਨ ਅਤੇ ਪੰਜਾਬ ਬੰਦ ਵਿੱਚ ਸਹਿਯੋਗ ਦਿੱਤਾ ਗਿਆ। ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਘੇਲ ਨੇ ਕਿਹਾ ਕਿ ਸ. ਜਗਜੀਤ ਸਿੰਘ ਡੱਲੇਵਾਲ ਸਾਡੀਆਂ ਨਸਲਾਂ, ਫਸਲਾ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਆਪਣੀ ਜ਼ਿੰਦਗੀ ਦਾਅ ਉੱਪਰ ਲਗਾ ਕੇ 35 ਦਿਨ ਤੋਂ ਮਰਨ ਵਰਤ ਉੱਪਰ ਬੈਠੇ ਹਨ ਅਤੇ ਜਦੋਂ ਕੋਈ ਇਨਸਾਨ ਮਰਨ ਵਰਤ ਉੱਪਰ ਬੈਠਦਾ ਤਾਂ ਉਹ ਭੁੱਖੇ ਰਹਿਣ ਨਾਲ ਅੰਦਰੋਂ ਅੰਦਰੀ ਹਰ ਪਲ ਟੁੱਟਦਾ ਹੈ ਅਤੇ ਡਾਕਟਰਾਂ ਵੱਲੋਂ ਕੀਤੀ ਗਈ ਮੈਡੀਕਲ ਸਟੱਡੀ ਵਿੱਚ ਇਹ ਕਿਹਾ ਗਿਆ ਹੈ ਕਿ ਕੋਈ ਵੀ ਇਨਸਾਨ ਸੱਤ ਦਿਨ ਤੱਕ ਹੀ ਮਰਨ ਵਰਤ ਰੱਖ ਸਕਦਾ ਹੈ ਅਤੇ ਉਸ ਤੋਂ ਬਾਅਦ ਇਨਸਾਨ ਦਾ ਸਰੀਰ ਹੀ ਉਸ ਦੇ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੱਜ ਸ. ਜਗਜੀਤ ਸਿੰਘ ਡੱਲੇਵਾਲ ਨੂੰ 35 ਦਿਨ ਹੋ ਚੁੱਕੇ ਹਨ ਮਰਨ ਵਰਤ ਉੱਪਰ ਬੈਠਿਆਂ ਹੋਇਆਂ ਨੂੰ ਅਤੇ ਹੁਣ ਉਹਨਾਂ ਦਾ ਆਪਣਾ ਸਰੀਰ ਹੀ ਉਹਨਾਂ ਦੇ ਸਰੀਰ ਨੂੰ ਖਾਣ ਲੱਗ ਗਿਆ ਹੈ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਾਹਰਲੇ ਮੁਲਕਾਂ ਵਿੱਚ ਜਾ ਕੇ ਇਸ ਗੱਲ ਦਾ ਢੰਡੋਰਾ ਪਿੱਟਦੇ ਹਨ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕ ਤਾਂਤਰਿਕ ਦੇਸ਼ ਹੈ ਪ੍ਰੰਤੂ 13 ਫਰਵਰੀ ਤੋਂ ਸੜਕਾਂ ਉੱਪਰ ਬੈਠੇ ਆਪਣੇ ਹੀ ਦੇਸ਼ ਦੇ ਲੋਕਾਂ ਬਾਰੇ ਉਹਨਾਂ ਦੇ ਮੂੰਹ ਵਿੱਚੋਂ ਇੱਕ ਵੀ ਸ਼ਬਦ ਨਹੀਂ ਨਿਕਲਿਆ ਅਤੇ ਇਹ ਉਹ ਹੀ ਲੋਕ ਹਨ ਜਿਨਾਂ ਨਾਲ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ 2014 ਵਿੱਚ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਸਭ ਤੋਂ ਪਹਿਲਾਂ ਉਹ ਡਾਕਟਰ ਸਵਾਮੀਨਾਥ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਗੇ। ਪ੍ਰਕਾਸ਼ ਸਿੰਘ ਬੱਬਲ ਅੱਗੇ ਨੇ ਕਿਹਾ ਕਿ ਸਾਡੀ ਗੂੰਗੀ ਬੋਲੀ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਿਖਾਵਾ ਤਾ ਕਰਦੀ ਹੈ ਪ੍ਰੰਤੂ ਉਸ ਵੱਲੋਂ ਆਪਣੇ ਹੀ ਕੀਤੇ ਗਏ ਵਾਅਦਿਆਂ ਅਤੇ ਲਿਖਤ ਵਿੱਚ ਮੰਨੀਆ ਗਈਆ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਸਰਦਾਰ ਵੱਲੋ ਜਗਜੀਤ ਸਿੰਘ ਡੱਲੇਵਾਲ ਦੀ ਮੌਤ ਦਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਹੈ। ਪ੍ਰਕਾਸ਼ ਸਿੰਘ ਬੱਬਲ  ਨੇ ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਵੱਲੋ ਸਾਡੀਆਂ ਨਸਲਾਂ, ਫਸਲਾਂ ਨੂੰ ਬਚਾਉਣ ਲਈ ਝੱਲੀ ਜਾ ਰਹੀ ਪੀੜ ਨੂੰ ਮਹਿਸੂਸ ਕਰਦਿਆਂ ਅਤੇ ਆਪਣੇ ਆਗੂ ਦੇ ਮੋਢੇ ਨਾਲ ਮੋਢਾ ਜੋੜ ਕੇ ਆਖਰੀ ਸਾਹ ਤੱਕ ਖੜੇ ਹੋਣ ਦਾ ਸਰਕਾਰਾਂ ਨੂੰ ਸੁਨੇਹਾ ਦੇਣ ਅਤੇ ਕੇਂਦਰ ਸਰਕਾਰ ਨੂੰ ਉਸ ਵੱਲੋ ਲਿਖਤ ਵਿੱਚ ਮੰਨੀਆਂ ਗਈਆਂ ਮੰਗਾਂ ਅਤੇ 2014, 2018 ਅਤੇ 2021 ਵਿੱਚ ਕਿਸਾਨ ਅੰਦੋਲਨ ਸਮੇਂ ਕਿਸਾਨਾਂ,ਮਜ਼ਦੂਰਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਣ ਲਈ ਅੱਜ ਸਾਰੇ ਲੋਕਾਂ ਵੱਲੋਂ ਪੰਜਾਬ ਬੰਦ ਦੇਸ਼ ਸੱਦੇ ਨੂੰ ਕਾਮਯਾਬ ਕਰਦੇ ਹੋਏ ਸੰਪੂਰਨ ਪੰਜਾਬ ਬੰਦ ਕੀਤਾ ਗਿਆ। ਕਿਰਪਾਲ ਸਿੰਘ ਵਿਦੇਸ਼ਾਂ ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਦੇ ਮੁੱਦਿਆਂ ਉੱਪਰ ਬਣੀ ਸੰਸਦ ਦੀ ਸਥਾਈ ਕਮੇਟੀ ਦੀ ਰਿਪੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਵੱਲੋ ਬਣਾਈ ਗਈ ਕਮੇਟੀ ਦੀ ਅੰਤਿਮ ਰਿਪੋਰਟ ਵਿੱਚ ਵੀ MSP ਦਾ ਗਾਰੰਟੀ ਕਾਨੂੰਨ ਬਣਾਉਣ ਦੇ ਹੱਕ ਵਿੱਚ ਸਿਫਾਰਸ਼ ਕੀਤੀ ਗਈ ਹੈ ਪਰ ਕੇਂਦਰ ਸਰਕਾਰ ਉਨ੍ਹਾਂ ਸੰਵਿਧਾਨਿਕ ਸੰਸਥਾਵਾਂ ਦੀਆਂ ਸਿਫਾਰਸ਼ਾਂ ਨੂੰ ਵੀ ਮੰਨਣ ਲਈ ਤਿਆਰ ਨਹੀਂ ਅਤੇ ਮਾਣਯੋਗ ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਨੂੰ ਇਸ ਮੁੱਦੇ ਉੱਪਰ ਕੋਈ ਵੀ ਹੁਕਮ ਨਹੀਂ ਦੇ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਜੀ ਦੀ ਸੁਰੱਖਿਆ ਲਈ ਅਸੀਂ ਸਭ ਆਪਣੀ ਜਾਨ ਦੇਣ ਲਈ ਵੀ ਤਿਆਰ ਹਾਂ ਅਤੇ ਸਰਕਾਰ ਦੀ ਇਸ ਕਾਰਵਾਈ ਦੌਰਾਨ ਮੋਰਚੇ ਉੱਪਰ ਹੋਣ ਵਾਲੇ ਜਾਨਮਾਲ ਦੇ ਨੁਕਸਾਨ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ,ਅਤੇ ਸੰਵਿਧਾਨਿਕ ਸਥਾਵਾਂ ਦੀ ਹੋਵੇਗੀ। ਕਿਸਾਨ ਆਗੂਆਂ ਨੇ ਸਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਖਨੌਰੀ ਕਿਸਾਨ ਮੋਰਚੇ ਉੱਪਰ ਪਹੁੰਚਣ ਦੀ ਅਪੀਲ ਕੀਤੀ ਤਾਂ ਜੋ ਸਰਕਾਰ ਦੇ ਮੋਰਚੇ ਉੱਪਰ ਰਾਤ ਨੂੰ ਹਮਲਾ ਕਰਨ ਦੇ ਮਨਸੂਬਿਆਂ ਨੂੰ ਫੇਲ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਨਾਲ: ਸੀਨੀਅਰ ਮੀਤ ਪ੍ਰਧਾਨ ਉੱਤਮ ਸਿੰਘ ਬਰਵਾਲੀ ਕਰਨੈਲ ਸਿੰਘ ਜਟਾਣਾ ਦਰਸ਼ਨ ਸਿੰਘ ਸੁਖਵਿੰਦਰ ਸਿੰਘ  ਹਜੂਰਾ ਸਿੰਘ ਬਲਾੜੀ ਬਲਦੇਵ ਸਿੰਘ ਪਮੌਰ ਹਰਜੀਤ ਸਿੰਘ ਹੁਸੈਨਪੁਰ  ਹਰਜੀਤ ਸਿੰਘ ਖੋਜੇ ਮਾਜਰਾ ਹਾਜ਼ਰ ਸਨ l