- ਬੱਚਿਆਂ ਨੂੰ ਮੁੱਢ ਤੋਂ ਹੀ ਖੇਡ ਮੈਦਾਨਾਂ ਨਾਲ ਜੋੜਨਾ ਮੁੱਖ ਉਦੇਸ਼: ਅਮਨ ਅਰੋੜਾ
- 'ਖੇਡਾਂ ਹਲਕਾ ਸੁਨਾਮ ਦੀਆਂ' ਸਬੰਧੀ ਵਿਦਿਆਰਥੀ ਵਰਗ ਨੂੰ ਪ੍ਰੇਰਿਤ ਕਰਨ ਲਈ ਹਲਕੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨਾਲ ਮੀਟਿੰਗ
ਸੁਨਾਮ, 16 ਜਨਵਰੀ : ਭਾਈ ਮਤੀ ਦਾਸ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ 4 ਅਤੇ 5 ਫਰਵਰੀ ਨੂੰ ਕਰਵਾਈ ਜਾਣ ਵਾਲੀ ‘ਬਾਬੂ ਭਗਵਾਨ ਦਾਸ ਅਰੋੜਾ ਯਾਦਗਾਰੀ ਸੁਨਾਮ ਸੁਪਰ ਲੀਗ’ ਦੇ ਰੱਸਾਕਸੀ ਮੁਕਾਬਲਿਆਂ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਵੀ ਵਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਨਾਮ (ਲੜਕੇ) ਵਿਖੇ ‘ਖੇਡਾਂ ਹਲਕਾ ਸੁਨਾਮ ਦੀਆਂ’ ਵਿੱਚ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਲਈ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨਾਲ ਮੀਟਿੰਗ ਕਰਦਿਆਂ ਕੀਤਾ। ਸ਼੍ਰੀ ਅਰੋੜਾ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨ ਵਰਗ ਵਿੱਚ ਖੇਡਾਂ ਪ੍ਰਤੀ ਸਾਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਮੇਂ-ਸਮੇਂ ’ਤੇ ਹੋਣ ਵਾਲੇ ਖੇਡ ਮੁਕਾਬਲਿਆਂ ਵਿੱਚ ਲਾਜ਼ਮੀ ਤੌਰ ’ਤੇ ਹਿੱਸਾ ਲੈਣ ਲਈ ਪ੍ਰੇਰਿਤ ਕੀਤੇ ਜਾਣ ਦੀ ਲੋੜ ਹੁੰਦੀ ਹੈ ਤਾਂ ਜੋ ਸਾਡੇ ਬੱਚੇ ਸਿੱਖਿਆ ਦੇ ਨਾਲ ਨਾਲ ਖੇਡਾਂ ਵਿੱਚ ਵੀ ਆਪਣੇ ਹੁਨਰ ਨੂੰ ਤਰਾਸ਼ ਕੇ ਮਾਣਯੋਗ ਉਪਲਬਧੀਆਂ ਹਾਸਲ ਕਰ ਸਕਣ। ਕੈਬਨਿਟ ਮੰਤਰੀ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ‘ਖੇਡਾਂ ਹਲਕਾ ਸੁਨਾਮ ਦੀਆਂ’ ਤਹਿਤ ਵਿਸ਼ੇਸ਼ ਤੌਰ ’ਤੇ ਰੱਸਾਕਸੀ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਵੱਧ ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖੇਡਾਂ ਦੇ ਸਰੀਰਕ ਤੇ ਮਾਨਸਿਕ ਫਾਇਦਿਆਂ ਬਾਰੇ ਬੱਚਿਆਂ ਨੂੰ ਜਾਗਰੂਕ ਕਰਦੇ ਰਹਿਣ ਦੀ ਲੋੜ ਹੈ ਤਾਂ ਜੋ ਉਹ ਲਗਾਤਾਰ ਖੇਡਾਂ ਨਾਲ ਜੁੜੇ ਰਹਿਣ । ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਖੇਡਾਂ ਤਹਿਤ ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸਿੰਗ ਤੇ ਰੱਸਾਕਸੀ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਭਾਗ ਲੈਣ ਲਈ ਰਜਿਸਟਰੇਸ਼ਨ ਪ੍ਰਕਿਰਿਆ ਜਾਰੀ ਹੈ ਜੋ ਕਿ 20 ਜਨਵਰੀ ਤੱਕ ਚੱਲੇਗੀ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਖੇਡਾਂ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਹਰ ਖਿਡਾਰੀ ਨੂੰ ਇਸ ਸੁਪਰ ਲੀਗ ਲਈ ਵਿਸ਼ੇਸ਼ ਤੌਰ ’ਤੇ ਤਿਆਰ ਕਰਵਾਈ ਟੀ ਸ਼ਰਟ ਦਿੱਤੀ ਜਾਵੇਗੀ ਅਤੇ ਹਰੇਕ ਭਾਗ ਲੈਣ ਵਾਲੀ ਟੀਮ ਨੂੰ ਵਾਲੀਬਾਲ ਦੀ ਖੇਡ ਕਿੱਟ ਪ੍ਰਦਾਨ ਕੀਤੀ ਜਾਵੇਗੀ। ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ ਬਾਬੂ ਭਗਵਾਨ ਦਾਸ ਅਰੋੜਾ ਦੇ ਨਾਂ ’ਤੇ ਬਣਾਈ ਫਾਊਂਡੇਸ਼ਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਲੋਕ ਸੇਵਾ ਵਜੋਂ ਵੱਖ ਵੱਖ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਤੇ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਖੇਡਾਂ ਨਾਲ ਜੋੜਨ ਦਾ ਤਹੱਈਆ ਕੀਤਾ ਗਿਆ ਹੈ ਜਿਸ ਦੀ ਦਿਸ਼ਾ ਵਿੱਚ ਇਹ ਖੇਡ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੀ ਸਫ਼ਲਤਾ ਲਈ ਸਭ ਦਾ ਸਹਿਯੋਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੇਡ ਮੈਦਾਨਾਂ ਨਾਲ ਮੁੱਢ ਤੋਂ ਹੀ ਜੋੜਨ ਦੇ ਉਦੇਸ਼ ਨਾਲ ਇਹ ਰੱਸਾਕਸੀ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਇਸੇ ਤਹਿਤ ਹੀ ਜ਼ਿਲ੍ਹੇ ਦੇ 81 ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਨੂੰ ਪ੍ਰੇਰਿਤ ਕਰਕੇ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਨਾ ਅਹਿਮ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਾਊਂਡੇਸ਼ਨ ਦੀ ਤਰਫੋਂ ਪਿਛਲੇ ਕਾਫੀ ਸਮੇਂ ਤੋਂ ਸਮਾਜ ਸੇਵਾ ਦੇ ਵੱਖ ਵੱਖ ਕੰਮ ਕੀਤੇ ਜਾ ਰਹੇ ਹਨ। ਬੱਚਿਆਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਨਸ਼ਿਆਂ ਤੋਂ ਦੂਰ ਕਰਨ ਲਈ ਉਪਰਾਲੇ ਕੀਤੇ ਗਏ ਹਨ। ਇਸ ਮੌਕੇ ਐੱਸ.ਡੀ.ਐੱਮ ਨਵਰੀਤ ਕੌਰ ਸੇਖੋਂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅੰਗਰੇਜ਼ ਸਿੰਗਲਾ, ਜ਼ਿਲ੍ਹਾ ਖੇਡ ਅਫ਼ਸਰ ਰਣਬੀਰ ਸਿੰਘ ਭੰਗੂ, ਪ੍ਰਿੰਸੀਪਲ ਦਿਨੇਸ਼ ਕੁਮਾਰ, ਪ੍ਰਿੰਸੀਪਲ ਵਿਪਨ ਕੁਮਾਰ, ਪ੍ਰਿੰਸੀਪਲ ਨੀਲਮ ਰਾਣੀ, ਬੀ.ਪੀ.ਈ.ਓ ਅਭਿਨਵ ਜੈਦਕਾ, ਬੀਪੀਈਓ ਸਤਪਾਲ ਸ਼ਰਮਾ, ਡੀ.ਐਸ.ਐਮ ਦੀਪਕ ਕੁਮਾਰ, ਪ੍ਰਿੰਸੀਪਲ ਸੁਨੀਤਾ ਰਾਣੀ, ਪ੍ਰਿੰਸੀਪਲ ਓ.ਪੀ ਸੇਤੀਆ, ਪ੍ਰਿੰਸੀਪਲ ਬਲਜੀਤ ਸਿੰਘ, ਪ੍ਰਿੰਸੀਪਲ ਪਰਮਜੀਤ ਸਿੰਘ, ਵਰਿੰਦਰ ਸਿੰਘ ਡੀ ਐੱਮ, ਵਿਪਨ ਚਾਵਲਾ, ਮਨਪ੍ਰੀਤ ਬਾਂਸਲ, ਵਿਕਾਸ ਸਿੰਘਲ ਸਮੇਤ ਸੁਨਾਮ ਹਲਕੇ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਹੈਡ ਮਾਸਟਰ, ਹੈਡ ਟੀਚਰ, ਲੈਕਚਰਾਰ, ਸਰੀਰਕ ਸਿੱਖਿਆ ਵਿਸ਼ੇ ਦੇ ਅਧਿਆਪਕ ਵੀ ਹਾਜ਼ਰ ਸਨ।