- ਸਵੱਛ ਭਾਰਤ ਗ੍ਰਾਮੀਣ, ਠੋਸ ਤੇ ਤਰਲ ਕੂੜਾ ਪ੍ਰਬੰਧਨ ਪ੍ਰਾਜੈਕਟ ਸਮੇਂ ਸਿਰ ਮੁਕੰਮਲ ਕੀਤੇ ਜਾਣ : ਸਾਕਸ਼ੀ ਸਾਹਨੀ
- ਅਧਿਕਾਰੀ ਟੀਚੇ ਪੂਰੇ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕਰਨ : ਡਿਪਟੀ ਕਮਿਸ਼ਨਰ
ਪਟਿਆਲਾ, 6 ਜੁਲਾਈ : ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਅੰਦਰ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦਿਆਂ ਸਵੱਛ ਭਾਰਤ ਗ੍ਰਾਮੀਣ, ਜਲ ਜੀਵਨ ਮਿਸ਼ਨ, ਠੋਸ ਤੇ ਤਰਲ ਕੂੜਾ ਪ੍ਰਬੰਧਨ, ਮਗਨਰੇਗਾ, ਰਸਤਾ ਖੋਲੋ ਮੁਹਿੰਮ ਅਤੇ ਕੈਚ ਦੀ ਰੈਨ ਸਮੇਤ ਜ਼ਿਲ੍ਹੇ ਦੇ ਲੋਕਾਂ ਨੂੰ ਹਰ ਘਰ ਪੀਣ ਵਾਲਾ ਸਾਫ਼-ਸੁਥਰਾ ਜਲ ਉਪਲਬਧ ਕਰਵਾਉਣ ਸਬੰਧੀ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਨੂਪ੍ਰਿਤਾ ਜੌਹਲ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ, ਐਸ.ਡੀ.ਐਮ. ਰਾਜਪੁਰਾ ਪਰਲੀਨ ਕੌਰ ਬਰਾੜ, ਐਸ.ਡੀ.ਐਮ. ਨਾਭਾ ਤਰਸੇਮ ਚੰਦ ਅਤੇ ਐਸ.ਡੀ.ਐਮ. ਦੁਧਨਸਾਧਾ ਕ੍ਰਿਪਾਲ ਵੀਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਸਵੱਛ ਭਾਰਤ ਗ੍ਰਾਮੀਣ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਹਰੇਕ ਬਲਾਕ ਦਾ ਜੋ ਟੀਚਾ ਨਿਰਧਾਰਤ ਕੀਤਾ ਗਿਆ ਹੈ ਉਸ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ ਅਤੇ ਐਸ.ਡੀ.ਐਮਜ਼ ਚੱਲ ਰਹੇ ਕੰਮ ਦੀ ਨਿਗਰਾਨੀ ਕਰਨਗੇ। ਉਨ੍ਹਾਂ ਸਾਰੇ ਵਿਭਾਗਾਂ ਨੂੰ ਕੰਮ ਦੀ ਪ੍ਰਗਤੀ ਨੂੰ ਡੈਸ਼ਬੋਰਡ 'ਤੇ ਰੋਜ਼ਾਨਾ ਅਪਡੇਟ ਕਰਨ ਦੀ ਹਦਾਇਤ ਕੀਤੀ ਤਾਂ ਜੋ ਸਹੀ ਮੁਲਾਂਕਣ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਖੇਤਾਂ ਨੂੰ ਪੱਕੇ ਖਾਲ ਲਗਾਉਣ ਸਬੰਧੀ ਵੀ ਕੰਮ 'ਚ ਤੇਜ਼ੀ ਲਿਆਂਦੀ ਜਾਵੇ। ਸਾਕਸ਼ੀ ਸਾਹਨੀ ਨੇ ਕਿਹਾ ਕਿ ਅਧਿਕਾਰੀ ਟੀਚੇ ਪੂਰੇ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕਰਨ ਤਾਂ ਜੋ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਹਰੇਕ ਲਾਭਪਾਤਰੀ ਤੱਕ ਪੁੱਜਦਾ ਹੋ ਸਕੇ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਪਾਸ ਜੋ ਕਲਮ ਦੀ ਤਾਕਤ ਹੈ, ਉਸ ਨਾਲ ਲੋਕਾਂ ਦੇ ਜੀਵਨ ਵਿੱਚ ਸਕਰਾਤਮਕ ਬਦਲਾਅ ਲੈਂਦਾ ਜਾ ਸਕਦਾ ਹੈ ਤੇ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਮੁਸ਼ਕਲਾਂ ਦਾ ਆਸਾਨੀ ਨਾਲ ਨਿਪਟਾਰਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਣੇ ਦਫ਼ਤਰ 'ਚ ਕੰਮ ਕਰਦੇ ਹਰੇਕ ਕਰਮਚਾਰੀ ਦੀ ਜਵਾਬ ਦੇਹੀ ਤੈਅ ਕਰਨ ਤਾਂ ਜੋ ਕੰਮ ਦੀ ਰਫ਼ਤਾਰ ਹੋਰ ਤੇਜ਼ ਹੋ ਸਕੇ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਵਿੱਚ ਅੱਜ ਦੀ ਬੈਠਕ ਵਿੱਚ ਹੋਏ ਫੈਸਲਿਆਂ ਦੀ ਐਕਸ਼ਨ ਟੈਕਨ ਰਿਪੋਰਟ ਵੀ ਨਾਲ ਲਿਆਉਣੀ ਯਕੀਨੀ ਬਣਾਈ ਜਾਵੇ।