ਸ੍ਰੀ ਮੁਕਤਸਰ ਸਾਹਿਬ, 23 ਜੁਲਾਈ 2024 : ਡਾਇਰੈਕਟਰ ਖੇਤੀਬਾੜੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ 27 ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ 56 ਅਧਿਕਾਰੀ/ਕਰਮਚਾਰੀ ਸ਼ਾਮਿਲ ਹਨ। ਇਨ੍ਹਾਂ ਟੀਮਾਂ ਵੱਲੋਂ ਹਫ਼ਤੇ ਵਿੱਚ ਦੋ ਵਾਰ ਸੋਮਵਾਰ ਅਤੇ ਵੀਰਵਾਰ ਸਵੇਰੇ 08:00 ਵਜੇ ਤੋਂ 10:00 ਵਜੇ ਤੱਕ ਫ਼ਸਲ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਸੇ ਦੀ ਲਗਾਤਾਰਤਾ ਵਿੱਚ ਦਿਨ ਸ਼ਨੀਵਾਰ ਅਤੇ ਐਂਤਵਾਰ ਛੁੱਟੀ ਵਾਲੇ ਦਿਨ ਵੀ ਪੈਸਟ ਸਰਵੇਲੈਂਸ ਟੀਮਾਂ ਵੱਲੋਂ ਨਰਮੇਂ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ ਅਤੇ ਕੀਤੇ ਗਏ ਸਰਵੇਖਣ ਦੇ ਅਧਾਰ ਤੇ ਹੀ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਦੀ ਸਿ਼ਫਾਰਸ਼ ਕੀਤੀ ਗਈ। ਇਨ੍ਹਾਂ ਦਿਨਾਂ ਵਿੱਚ ਨਰਮੇਂ ਵਾਲੇ ਪਿੰਡਾਂ ਦੇ ਗੁਰੂਦੁਆਰਾ ਸਾਹਿਬ ਤੋਂ ਅਨਾਊਂਸਮੈਂਟਾਂ ਕਰਵਾ ਕਿ ਕਿਸਾਨਾਂ ਨੂੰ ਸਰਵੇਖਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇਸ ਮੌਕੇ ਤੇ ਹੀ ਖੇਤੀਬਾੜੀ ਅਧਿਕਾਰੀਆਂ ਵੱਲੋਂ ਜੋ ਕਿਸਾਨ ਆਪਣੇ ਖੇਤ ਦਾ ਮੁਆਇਨਾ ਕਰਵਾਉਣਾ ਚਾਹੁੰਦੇ ਹਨ ਬਾਰੇ ਵੀ ਅਨਾਉਸਮੈਂਟ ਕਰਵਾਈ ਜਾਂਦੀ ਹੈ ਅਤੇ ਸਬੰਧਿਤ ਕਿਸਾਨਾਂ ਦੇ ਖੇਤਾਂ ਦਾ ਸਰਵੇਖਣ ਕੀਤਾ ਜਾਂਦਾ ਹੈ ਅਤੇ ਸਰਵੇਖਣ ਦੇ ਅਧਾਰ ਤੇ ਸਿ਼ਫਾਰਸ਼ਸੁ਼ਦਾ ਕੀਟਨਾਸ਼ਕ ਦਵਾਈਆਂ ਦੀ ਸਿ਼ਫਾਰਸ਼ ਕੀਤੀ ਜਾਂਦੀ ਹੈ। ਸ਼੍ਰੀ ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਦੱਸਿਆ ਕਿ ਚਿੱਟੀ ਮੱਖੀ ਦੇ ਹਮਲੇ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇਂ ਦੀ ਫ਼ਸਲ ਤੇ ਚਿੱਟੀ ਮੱਖੀ ਦਾ ਨਿਰੀਖ਼ਣ ਹਰ ਰੋਜ਼ ਸਵੇਰੇ 8:00 ਵਜੇ ਤੋਂ 10:00 ਵਜੇ ਤੱਕ ਜਰੂਰ ਕਰਨ। ਮੁੱਖ ਖੇਤੀਬਾੜੀ ਅਫਸਰ ਦੇ ਅਨੁਸਾਰ ਪੀ.ਏ.ਯੂ. ਲੁਧਿਆਣਾ ਦੀਆਂ ਸਿ਼ਫਾਰਸ਼ਾਂ ਅਨੁਸਾਰ ਜੇਕਰ ਨਰਮੇਂ ਦੀ ਫ਼ਸਲ ਉਪਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ ਪ੍ਰਤੀ ਪੱਤਾ 6 ਤੋਂ ਵੱਧ ਹੋ ਜਾਵੇ ਤਾਂ ਸਪਰੇਅ ਦੀ ਜ਼ਰੂਰਤ ਹੈ। ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ ਪਾਇਰੀਫਲੂਕੀਨਾਜ਼ੋਨ 20 ਡਬਲਯੂ ਜੀ(ਕਲਾਸਟੋ) 200 ਗ੍ਰਾਮ ਜਾਂ ਅਫਿਡੋਪਾਇਰੋਪਿਨ 50 ਡੀ.ਸੀ.(ਸਫ਼ੀਨਾ) 400 ਮਿ:ਲੀ: ਜਾਂ ਡਾਇਨੋਟੈਫੂਰਾਨ 20 ਐਸ.ਜੀ.(ਓਸ਼ੀਨ) 60 ਗ੍ਰਾਮ ਜਾਂ ਫਲੋਨਿਕਾਮਿਡ 50 ਡਬਲਯੂ ਜੀ (ਓਲਾਲਾ) 80 ਗ੍ਰਾਮ ਜਾਂ ਕਲੋਥੀਅਨਡਿਨ 50 ਡਬਲਯੂ ਜੀ (ਡੈਂਟਟੋਟਸੂ) 20 ਗ੍ਰਾਮ ਜਾਂ ਈਥੀਆਨ 50 ਈ.ਸੀ. 800 ਮਿ:ਲੀ: ਪ੍ਰਤੀ ਏਕੜ ਕੀਤੀ ਜਾਵੇ । ਚਿੱਟੀ ਮੱਖੀ ਦੇ ਬੱਚਿਆਂ ਦੀ ਰੋਕਥਾਮ ਲਈ ਪਾਈਰੀਪਰੋਕਸੀਫਿਨ 10 ਈ.ਸੀ.(ਲੈਨੋ) 500 ਮਿ:ਲੀ: ਪ੍ਰਤੀ ਏਕੜ ਕੀਤੀ ਜਾਵੇ। ਇਸ ਸਮੇਂ ਨਰਮੇਂ ਦੀ ਫ਼ਸਲ ਨੂੰ ਸੋਕਾ ਨਾ ਲੱਗਣ ਦਿੱਤਾ ਜਾਵੇ ਕਿਉਂਕਿ ਔੜ ਵਿੱਚ ਚਿੱਟੀ ਮੱਖੀ ਅਤੇ ਭੂਰੀ ਜੂੰ ਦਾ ਹਮਲਾ ਵਧ ਜਾਂਦਾ ਹੈ। ਕਿਸੇ ਕਿਸਮ ਦੀ ਮੁਸ਼ਕਿਲ ਜਾਂ ਹੋਰ ਜਾਣਕਾਰੀ ਲਈ ਸ਼੍ਰੀ ਸ਼ਵਿੰਦਰ ਸਿੰਘ 99154-85041 ਖੇਤੀਬਾੜੀ ਵਿਕਾਸ ਅਫ਼ਸਰ, ਬਲਾਕ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਪਰਮਿੰਦਰ ਸਿੰਘ ਧੰਜੂ 98780-20311, ਬਲਾਕ ਖੇਤੀਬਾੜੀ ਅਫ਼ਸਰ, ਮਲੋਟ, ਸ਼੍ਰੀ ਜਗਮੋਹਨ ਸਿੰਘ 98883-20068 ਖੇਤੀਬਾੜੀ ਵਿਕਾਸ ਅਫ਼ਸਰ, ਬਲਾਕ ਗਿੱਦੜਬਾਹਾ ਅਤੇ ਸ਼੍ਰੀ ਵਿਜੈ ਸਿੰਘ 75894-11911 ਬਲਾਕ ਖੇਤੀਬਾੜੀ ਅਫ਼ਸਰ ਲੰਬੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।