- ਅਬੋਹਰ ਨੂੰ ਸਾਫ ਸੁਥਰਾ ਬਣਾਉਣ ਵਿਚ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦਾ ਸੱਦਾ
ਫਾਜ਼ਿਲਕਾ, 15 ਸਤੰਬਰ : ਇੰਡੀਅਨ ਸਵੱਛਤਾ ਲੀਗ ਦੇ ਪੰਦਰਵਾੜੇ ਦੀ ਸ਼ੁਰੂਆਤ ਨਗਰ ਨਿਗਮ ਅਬੋਹਰ ਵਿਖੇ 17 ਸਤੰਬਰ ਤੋਂ ਕੀਤੀ ਜਾ ਰਹੀ ਹੈ ਜਿਸ ਵਿਚ ਸ਼ਹਿਰ ਅੰਦਰ ਰੈਲੀ ਕੱਢੀ ਜਾਵੇਗੀ ਜਿਸ ਦੀ ਸ਼ੁਰੂਆਤ ਨਹਿਰੂ ਪਾਰਕ ਤੋਂ ਕੀਤੀ ਜਾਵੇਗੀ। ਇਹ ਜਾਣਕਾਰੀ ਨਗਰ ਨਿਗਮ ਕਮਿਸ਼ਨਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਰੈਲੀ ਕੱਢਣ ਦਾ ਮੰਤਵ ਸ਼ਹਿਰ ਵਾਸੀਆਂ ਨੂੰ ਸਾਫ—ਸਫਾਈ ਰੱਖਣ ਦਾ ਸੁਨੇਹਾ ਦਿੱਤਾ ਜਾਣਾ ਹੈ ਤੇ ਆਪਣੇ ਸ਼ਹਿਰ ਨੂੰ ਸਵੱਛ ਬਣਾਉਣਾ ਹੈ। ਨਗਰ ਨਿਗਮ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅਬੋਹਰ ਨੂੰ ਸਾਫ-ਸੁਥਰਾ ਤੇ ਗੰਦਗੀ ਮੁਕਤ ਬਣਾਉਣ ਲਈ ਸ਼ਹਿਰ ਵਾਸੀਆ ਨੂੰ ਸੱਦਾ ਦਿੰਦਿਆਂ https://innovateindia.mygov.in/islseason2/ ਲਿੰਕ *ਤੇ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਨ ਲਈ ਕਿਹਾ ਤਾਂ ਜ਼ੋ ਇਸ ਮੁਹਿੰਮ ਨੂੰ ਸਫਲਤਾਪੂਰਵਕ ਚਲਾਇਆ ਜਾ ਸਕੇ ਅਤੇ ਆਪਣੇ ਸ਼ਹਿਰ ਨੂੰ ਗੰਦਗੀ ਮੁਕਤ ਅਤੇ ਬਿਮਾਰੀਆਂ ਮੁਕਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਨੌਜਵਾਨ ਵਰਗ, ਸਮਾਜ ਸੇਵੀ ਸੰਸਥਾਵਾਂ, ਵਲੰਟੀਅਰ, ਸੈਲਫ ਹੈਲਪ ਗਰੁੱਪ, ਐਨ.ਸੀ.ਸੀ. ਤੇ ਐਨ.ਐਸ.ਐਸ. ਨੂੰ ਨਾਲ ਜੋੜ ਦੇ ਇਸ ਅਭਿਆਨ ਦੀ ਸ਼ੁਰੂਆਤ ਕਰਵਾਈ ਜਾਵੇਗੀ। ਨਗਰ ਨਿਗਮ ਕਮਿਸ਼ਨਰ ਨੇ ਸਵੱਛਤਾ ਹੀ ਸੇਵਾ ਥੀਮ ਤਹਿਤ 17 ਸਤੰਬਰ ਤੋਂ 2 ਅਕਤੂਬਰ ਤੱਕ ਮਨਾਏ ਜਾਣ ਵਾਲੇ ਪੰਦਰਵਾੜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਵੱਖ—ਵੱਖ ਗਤੀਵਿਧੀਆਂ ਉਲੀਕ ਕੇ ਲੋਕਾਂ ਨੂੰ ਸ਼ਹਿਰ ਨੂੰ ਗੰਦਗੀ ਮੁਕਤ ਬਣਾਉਣ, ਪਲਾਸਟਿਕ ਮੁਕਤ ਅਤੇ ਗੀਲੇ ਕੂੜੇ—ਸੁੱਕੇ ਕੂੜੇ ਨੂੰ ਵੱਖ—ਵੱਖ ਜਮ੍ਹਾਂ ਕਰਵਾਉਣ ਆਦਿ ਬਾਰੇ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਇਸ ਤੋਂ ਖਾਦ ਤਿਆਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਦਾ ਇਕੋ-ਇਕ ਉਦੇਸ਼ ਗੰਦਗੀ ਮੁਕਤ ਕਰਦਿਆਂ ਅਬੋਹਰ ਸ਼ਹਿਰ ਨੂੰ ਸਵੱਛ ਬਣਾਉਣਾ ਹੈ।