ਲੁਧਿਆਣਾ, 12 ਜੂਨ : ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵਲੋਂ ਵਾਰਡ ਨੰਬਰ 37 ਵਿੱਚ 44 ਲੱਖ 50 ਹਜ਼ਾਰ ਰੁਪਏ ਦੀ ਲਾਗਤ ਨਾਲ ਜੋਰਾ ਹਲਵਾਈ ਵਾਲੀ ਲਿੰਕ ਰੋਡ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ, ਵਿਧਾਇਕ ਛੀਨਾ ਵਲੋਂ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਗਿਆ ਕਿ ਉਹ ਆਪਣੇ ਹਲਕੇ ਦੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਪੂਰਨ ਤੌਰ ਤੇ ਵਚਨਬੱਧ ਹਨ ਅਤੇ ਇੱਕ-ਇੱਕ ਕਰਕੇ ਉਨ੍ਹਾਂ ਵੱਲੋਂ ਸਾਰੇ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕਾ ਲੁਧਿਆਣਾ ਦੱਖਣੀ ਵਿੱਚ ਜਿੱਥੇ ਵਿਕਾਸ ਕਾਰਜ ਜ਼ੋਰਾਂ ਸ਼ੋਰਾਂ 'ਤੇ ਜਾਰੀ ਹਨ ਉੱਥੇ ਹੀ ਲੋਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ ਵੱਖ-ਵੱਖ ਮੁਹਿੰਮਾਂ ਅਤੇ ਪ੍ਰੋਜੈਕਟ ਵੀ ਚਲਾਏ ਜਾ ਰਹੇ ਹਨ। ਲੋਕਾਂ ਵੱਲੋਂ ਵੀ ਉਨ੍ਹਾਂ ਦੁਆਰਾ ਕੀਤੇ ਜਾ ਰਹੇ ਕਾਰਜ਼ਾ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਪ੍ਰਧਾਨ ਲੱਖਵਿੰਦਰ ਜੋੜਾ, ਬਲਾਕ ਪ੍ਰਧਾਨ ਹਰਦੇਵ ਗੋਲਡੀ, ਵਾਰਡ ਨੰਬਰ-40 ਤੋਂ ਪ੍ਰਧਾਨ ਦਰਸ਼ਨ ਢੋਲਣ, ਲੱਖਵੀਰ ਸਿੰਘ, ਡਾ. ਰਣਜੀਤ ਗਰੇਵਾਲ ਤੇ ਅਮਰਜੀਤ ਸਿੰਘ ਅਤੇ ਮੁਹੱਲਾ ਨਿਵਾਸੀ ਵੀ ਮੌਜੂਦ ਸਨ।