ਲੁਧਿਆਣਾ : ਰੋਸ਼ਨੀ ਦੇ ਤਿਉਹਾਰ 'ਦੀਵਾਲੀ' ਨੂੰ ਮੁੱਖ ਰੱਖਦੇ ਹੋਏ, ਇੱਕ ਅਰਥਪੂਰਨ ਪੋਰਟਰੇਟ ਜਿਸ ਵਿੱਚ ਮਿੱਟੀ ਦੇ ਦੀਵਿਆਂ ਨੂੰ ਕੁਦਰਤ ਦੀ ਗੋਦ ਵਿੱਚ ਅਭੇਦ ਕੀਤਾ ਗਿਆ ਹੈ, ਅੱਜ ਲੁਧਿਆਣਾ ਰੇਂਜ ਦੇ ਇੰਸਪੈਕਟਰ ਜਨਰਲ ਸ੍ਰੀ ਐਸ.ਪੀ.ਐਸ. ਪਰਮਾਰ, ਆਈ.ਪੀ.ਐਸ. ਵੱਲੋਂ ਜਾਰੀ ਕੀਤਾ ਗਿਆ, ਜੋ ਕਿ ਲੁਧਿਆਣਾ ਦੇ ਨਾਗਰਿਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਤਿਉਹਾਰ ਮਨਾਉਣ ਲਈ ਇੱਕ ਸੁਚੱਜਾ ਸੰਦੇਸ਼ ਦੇਣ ਲਈ ਤਿਆਰ ਕੀਤੀ ਗਈ ਹੈ। ਇਸ ਪੋਰਟਰੇਟ ਦਾ ਇਕ ਸੁਨੇਹਾ ਇਹ ਵੀ ਹੈ ਕਿ 'ਦੀਵਾਲੀ ਦੇ ਤਿਓਹਾਰ 'ਤੇ ਮਿੱਟੀ ਦੇ ਦੀਵਿਆਂ ਦੀ ਰੋਸ਼ਨੀ ਰਾਹੀਂ ਕਾਦਰ ਦੀ ਕੁਦਰਤ ਨੂੰ ਪ੍ਰਫੁੱਲਤ ਕਰਨ ਦਾ ਸੰਕਲਪ ਬਣਾਈਏ' ਅਤੇ ਇਸ ਤਰ੍ਹਾਂ ਸ਼ਾਂਤੀ ਅਤੇ ਸਮਾਜਿਕ ਸਦਭਾਵਨਾ ਦੇ ਰਾਹ 'ਤੇ ਇਕੱਠੇ ਹੋਈਏ ਅਤੇ ਸ਼ੁਭਕਾਮਨਾਵਾਂ ਸਾਂਝੀਆਂ ਕਰੀਏ। ਆਈ.ਜੀ. ਲੁਧਿਆਣਾ ਸ੍ਰੀ ਐਸ.ਪੀ.ਐਸ. ਪਰਮਾਰ, ਆਈ.ਪੀ.ਐਸ. ਪੋਰਟਰੇਟ ਨੂੰ ਰਿਲੀਜ਼ ਕਰਦੇ ਹੋਏ, ਉੱਘੇ ਲੇਖਕ ਅਤੇ ਕੁਦਰਤ ਪ੍ਰੇਮੀ ਕਲਾਕਾਰ ਹਰਪ੍ਰੀਤ ਸੰਧੂ ਦੇ ਸਮਾਜ ਵਿੱਚ ਸੁਚੱਜੇ ਸੰਦੇਸ਼ ਨੂੰ ਫੈਲਾਉਣ ਲਈ ਇਸ ਨਵੀਨਤਮ ਪੋਰਟਰੇਟ ਨੂੰ ਤਿਆਰ ਕਰਨ ਲਈ ਸ਼ਲਾਘਾ ਕੀਤੀ।