ਪਟਿਆਲਾ, 01 ਜੁਲਾਈ : ਸਥਾਨਕ ਸ਼ਹਿਰ ਤੋਂ ਚੀਕਾ ਨੂੰ ਜਾਂਦੀ ਸੜਕ ਤੇ ਪੈਂਦੇ ਪਿੰਡ ਪਹਾੜੀਪੁਰ ਦੇ ਨੇੜੇ ਇੱਕ ਟਰੱਕ ਤੇ ਮੋਟਰਸਾਈਕਲ ਵਿੱਚਕਾਰ ਭਿਆਨਕ ਟੱਕਰ ਹੋ ਜਾਣ ਦੇ ਕਾਰਨ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾਂ ਦੀ ਸੂਚਨਾਂ ਮਿਲਦਿਆਂ ਪੁਲਿਸ ਮੌਕੇ ਤੇ ਪੁੱਜੀ ਅਤੇ ਹਾਦਸੇ ਦਾ ਸ਼ਿਕਾਰ ਹੋਏ ਪਤੀ-ਪਤਨੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧੀ ਚੌਕੀ ਇੰਚਾਰਜ ਬਲਬੇੜਾ ਹਰਭਜਨ ਸਿੰਘ ਨੇ ਦਸਿਆ ਕਿ ਪਾਤੜਾਂ ਨੇੜੇ ਪਿੰਡ ਅਰਨੀ ਦੇ ਰਹਿਣ ਵਾਲੇ ਗੁਰਭੇਜ ਸਿੰਘ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਆਪਣੇ ਪੀਬੀਐੱਚ 4766 ਸਪਲੈਂਡਰ ਮੋਟਰਸਾਈਕਲ ’ਤੇ ਪਟਿਆਲਾ ਸਾਈਡ ਤੋਂ ਪਿੰਡ ਅਰਨੀ ਜਾ ਰਹੇ ਸਨ, ਜਦੋਂ ਇਹ ਪਿੰਡ ਪਹਾੜੀਪੁਰ ਕੋਲ ਪਹੁੰਚੇ ਤਾਂ ਅੱਗੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿਤਾ।