- ਜੋ ਬੱਚਾ ਪਿੰਡ ਜਾਂ ਸ਼ਹਿਰ ਦੇ ਵਿੱਚ ਡੇਂਗੂ ਦੇ ਲਾਰਵੇ ਦਾ ਪਤਾ ਕਰੇਗਾ ਉਸ ਨੂੰ ਵਿਸ਼ੇਸ਼ ਅੰਕ ਦਿੱਤੇ ਜਾਣਗੇ : ਸਿਹਤ ਮੰਤਰੀ
ਫਤਿਹਗੜ੍ਹ ਸਾਹਿਬ, 11 ਜੁਲਾਈ 2024 : ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਵੱਲੋਂ ਅੱਜ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਉਹਨਾਂ ਵੱਲੋਂ ਬੀਮਾਰੀਆਂ ਦੇ ਬਚਾਅ ਲਈ ਪ੍ਰਬੰਧਾਂ ਸਬੰਧੀ ਮੀਟਿੰਗ ਕੀਤੀ ਗਈ ਹੈ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਡੇਂਗੂ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਬੀਡੀਪੀਓ ਦਫਤਰ, ਨਗਰ ਕੌਂਸਲ, ਸਿਹਤ ਵਿਭਾਗ ਅਤੇ ਇਸ ਦੇ ਨਾਲ ਸਿੱਖਿਆ ਵਿਭਾਗ ਕੰਮ ਕਰੇਗਾ। ਮੰਤਰੀ ਨੇ ਕਿਹਾ ਕਿ ਜੋ ਬੱਚਾ ਪਿੰਡ ਜਾਂ ਸ਼ਹਿਰ ਦੇ ਵਿੱਚ ਡੇਂਗੂ ਦੇ ਲਾਰਵੇ ਦਾ ਪਤਾ ਕਰੇਗਾ ਉਸ ਨੂੰ ਵਿਸ਼ੇਸ਼ ਅੰਕ ਦਿੱਤੇ ਜਾਣਗੇ। ਉੱਥੇ ਉਹਨਾਂ ਨੇ ਕਿਹਾ ਕਿ ਡਰੱਗ ਐਡੀਸ਼ਨ ਕੇਂਦਰਾਂ ਨੂੰ ਪੰਜਾਬ ਪੁਲਿਸ ਅਤੇ ਜਿਲਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਚਲਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਨਸ਼ਾ ਕਰਨ ਵਾਲਿਆਂ ਨੂੰ ਭਰਤੀ ਕਰਕੇ ਨਸ਼ਾ ਛੁਡਵਾਇਆ ਜਾਵੇਗਾ। ਨਸ਼ਾਂ ਛੱਡਣ ਵਾਲੇ ਵਿਅਕਤੀ ਨੂੰ ਉਥੇ ਹੀ ਕੰਮ ਸਿਖਾਇਆ ਜਾਵੇਗਾ ਤਾਂ ਜੋ ਉਹ ਨਸ਼ਾ ਛੱਡਕੇ ਆਪਣਾ ਕੰਮਕਾਰ ਕਰ ਸਕੇ। ਉੱਥੇ ਹੀ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਵੈਂਟੀਲੇਟਰ ਨਾ ਹੋਣ ਦੇ ਸਵਾਲ ਤੇ ਮੰਤਰੀ ਨੇ ਕਿਹਾ ਕਿ ਕੋਡ ਆਫ ਕੰਡਕਟ ਲੱਗਣ ਦੇ ਕਾਰਨ ਵੈਂਟੀਲੇਟਰ ਦੇ ਵਿੱਚ ਥੋੜੀ ਦੇਰੀ ਹੋਈ ਹੈ। ਉਹਨਾਂ ਨੇ ਕਿਹਾ ਕਿ ਵੈਂਟੀਲੇਟਰ ਚਲਾਉਣ ਵਾਲੇ ਸਟਾਫ ਦੀ ਵੀ ਕਮੀ ਹੈ। ਹੁਣ ਨਵੀਂ ਭਰਤੀ ਕੀਤੀ ਜਾ ਰਹੀ ਹੈ ਤੇ ਵੈਂਟੀਲੇਟਰ ਤੇ ਹੋਰ ਮਸ਼ੀਨਾਂ ਚਲਾਉਣ ਦੇ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਜਲਦੀ ਹੀ ਵੈਂਟੀਲੇਟਰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਆ ਜਾਵੇਗਾ।