- - ਮੂਲ ਅਨਾਜ ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਲਹਿਰ ਚਲਾਉਣ ਦੀ ਲੋੜ : ਡਾ. ਬਲਬੀਰ ਸਿੰਘ
- - ਨਿਰੋਗ ਸਰੀਰ ਲਈ ਮੋਟੇ ਅਨਾਜ ਦੀ ਵਰਤੋਂ ਬਹੁਤ ਜ਼ਰੂਰੀ : ਕੁਲਤਾਰ ਸਿੰਘ ਸੰਧਵਾਂ
- - ਮਿਲੇਟ ਮੇਲੇ ‘ਚ ਮੋਟੇ ਅਨਾਜ ਦੇ ਲਗਾਏ ਗਏ ਵੱਖ ਵੱਖ ਸਟਾਲ ਰਹੇ ਖਿਚ ਦਾ ਕੇਂਦਰ
ਐਸ.ਏ.ਐਸ.ਨਗਰ,15 ਜਨਵਰੀ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਤੇ ਫ਼ੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ ਪੰਜਾਬ (ਐਫ਼.ਡੀ.ਏ.) ਵਲੋਂ ਕਰਵਾਏ ਗਏ ‘ਈਟ ਰਾਈਟ ਮਿਲੇਟ ਮੇਲੇ’ਦਾ ਉਦਘਾਟਨ ਕੀਤਾ। ਇਸ ਮੌਕੇ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਵੀ ਵਿਸ਼ੇਸ ਤੌਰ ਤੇ ਸਿਰਕਤ ਕੀਤੀ ਗਈ। ਸਥਾਨਕ ਮੋਹਾਲੀ ਫੇਜ-6 ਦੇ ਸ਼ਿਵਾਲਿਕ ਪਬਲਿਕ ਸਕੂਲ ’ਚ ਹੋਏ ਪ੍ਰਭਾਵਸ਼ਾਲੀ ਸਮਾਗਮ ਵਿਚ ਹਾਜਰ ਕਿਸਾਨਾਂ, ਖ਼ੁਰਾਕ ਮਾਹਰਾਂ, ਵਿਦਿਆਰਥੀਆਂ ਤੇ ਆਮ ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕੁਦਰਤੀ ਖੇਤੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਇਹ ਖੇਤੀ ਸਾਨੂੰ ਅਪਣੀਆਂ ਜੜ੍ਹਾਂ ਅਤੇ ਵਿਰਸੇ ਨਾਲ ਜੋੜਦੀ ਹੈ। ਮੋਟਾ ਅਨਾਜ ਜਿਸ ਵਿਚ ਮੁੱਖ ਤੌਰ ’ਤੇ ਬਾਜਰਾ, ਕੰਗਣੀ, ਕੋਧਰਾ, ਜਵਾਰ, ਹਰੀ ਕੰਗਣੀ, ਕੁਟਕੀ, ਸਾਵਾਂ, ਰਾਗੀ ਆਉਂਦੇ ਹਨ, ਅੱਜ ਅਸੀਂ ਬਿਲਕੁਲ ਹੀ ਵਿਸਾਰ ਦਿਤਾ ਹੈ ਜਦਕਿ ਸਾਡੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਇਨ੍ਹਾਂ ਦਾ ਸੇਵਨ ਅਤਿਅੰਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਪੋਸ਼ਕ ਤੱਤਾਂ ਨਾਲ ਭਰਪੂਰ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਜਾਗਰੂਕਤਾ ਲਹਿਰ ਚਲਾਈ ਜਾਵੇ ਅਤੇ ਇਸ ਦੇ ਉਤਪਾਦਨ ਨੂੰ ਪ੍ਰਫੁੱਲਤ ਕਰਨ ਲਈ ਮਾਹੌਲ ਸਿਰਜਿਆ ਜਾਵੇ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਅਜੋਕੇ ਦੌਰ ’ਚ ਮਿਲੇਟ ਯਾਨੀ ਮੋਟੇ ਅਨਾਜ ਦੇ ਫ਼ਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮੇਲਾ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੋਟਾ ਅਨਾਜ ਕਿਸੇ ਸਮੇਂ ਸਾਡੀ ਖ਼ੁਰਾਕ ਦਾ ਅਹਿਮ ਹਿੱਸਾ ਹੁੰਦਾ ਸੀ ਪਰ ਸਾਡੇ ਰਹਿਣ-ਸਹਿਣ ਤੇ ਖਾਣ-ਪੀਣ ਵਿਚ ਆਏ ਵੱਡੇ ਬਦਲਾਅ ਕਾਰਨ ਅੱਜ ਇਹ ਸਾਡੀ ਥਾਲੀ ਵਿਚੋਂ ਗ਼ਾਇਬ ਹੋ ਗਿਆ। ਉਨ੍ਹਾਂ ਕਿਹਾ, ‘ਪੁਰਾਣੇ ਦੌਰ ਵਿਚ ਕੀਤੀ ਗਈ ਭੁੱਲ ਦਾ ਅੱਜ ਅਸੀਂ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਦੇ ਰੂਪ ਵਿਚ ਖ਼ਮਿਆਜ਼ਾ ਭੁਗਤ ਰਹੇ ਹਾਂ ਤੇ ਅੱਜ ਸਾਨੂੰ ਲੋੜ ਮਹਿਸੂਸ ਹੋ ਰਹੀ ਹੈ ਕਿ ਮੋਟੇ ਅਨਾਜ ਨੂੰ ਮੁੜ ਅਪਣੀ ਥਾਲੀ ਦਾ ਹਿੱਸਾ ਬਣਾਇਆ ਜਾਵੇ।’ ਉਨ੍ਹਾਂ ਆਖਿਆ ਕਿ ਕਿਸਾਨ ਮੋਟੇ ਅਨਾਜ ਦੀ ਕਾਸ਼ਤ ਕਰਨ ਲਈ ਤਿਆਰ ਹੈ ਪਰ ਜੇਕਰ ਮੰਡੀਕਰਨ ਵਿਵਸਥਾ ਮਜ਼ਬੂਤ ਹੋਵੇ ਤਾਂ ਕਿਸਾਨ ਨੂੰ ਮੋਟੇ ਅਨਾਜ ਦੀ ਕਾਸ਼ਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੌਕੇ ਕੁਦਰਤੀ ਖੇਤੀ ਲਈ ਪ੍ਰਸਿੱਧ ਸੰਸਥਾ ‘ਖੇਤੀ ਵਿਰਾਸਤ ਮਿਸ਼ਨ’ਦੇ ਮੁਖੀ ਸ੍ਰੀ ਉਮੇਂਦਰ ਦੱਤ ਨੇ ਵੀ ਮੋਟੇ ਅਨਾਜ ਦੀ ਖੇਤੀ ’ਤੇ ਜ਼ੋਰ ਦਿੰਦਿਆਂ ਲੋਕਾਂ ਨੂੰ ਇਸ ਮੂਲ ਅਨਾਜ ਨੂੰ ਰੋਜ਼ਾਨਾ ਖ਼ੁਰਾਕ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ। ਮੁੱਖ ਮਹਿਮਾਨਾਂ ਨੇ ਮੇਲੇ ਵਿਚ ਕੁਦਰਤੀ ਖੇਤੀ ਅਤੇ ਮੋਟੇ ਅਨਾਜ ਦੇ ਪ੍ਰਚਾਰ ਹਿੱਤ ਲੱਗੇ ਵੱਖ-ਵੱਖ ਸਟਾਲਾਂ ਨੂੰ ਗਹੁ ਨਾਲ ਵੇਖਿਆ ਅਤੇ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਇਹ ਮੇਲਾ ਖੇਤੀ ਵਿਰਾਸਤ ਮਿਸ਼ਨ, ਪੀ.ਜੀ.ਆਈ. ਚੰਡੀਗੜ੍ਹ ਅਤੇ ਪੀ.ਐਚ.ਡੀ. ਚੈਂਬਰ ਆਫ਼ ਕਾਮਰਸ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਵਿਚ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਅਤੇ ਹਲਕਾ ਡੇਰਾਬਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਉਚੇਚੇ ਤੌਰ 'ਤੇ ਸ਼ਾਮਲ ਹੋਏl ਅੰਤ ਵਿੱਚ ਇਸ ਸਮਾਗਮ ਵਿਚ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਦੇ ਪਤਵੰਤਿਆ ਦਾ ਸਮਾਗਮ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ, ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀਮਤੀ ਅਵਨੀਤ ਕੌਰ, ਮੋਹਾਲੀ ਦੇ ਐਸ.ਡੀ.ਐਮ ਸ੍ਰੀਮਤੀ ਸਰਬਜੀਤ ਕੌਰ, ਸਹਾਇਕ ਕਮਿਸ਼ਨਰ (ਸਿਕਾਇਤਾਂ) ਸ੍ਰੀ ਇੰਦਰਪਾਲ ਸਿੰਘ ਸਮਾਗਮ ਵਿਚ ਸਿਵਲ ਸਰਜਨ ਮੋਹਾਲੀ ਡਾ. ਆਦਰਸ਼ਪਾਲ ਕੌਰ, ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ, ਐਫ਼.ਡੀ.ਏ. ਦੇ ਡਾਇਰੈਕਟਰ ਲੈਬ ਸ੍ਰੀਮਤੀ ਰਵਨੀਤ ਕੌਰ ਅਤੇ ਸ੍ਰੀ ਸੰਜੀਵ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਭਾਸ਼ ਕੁਮਾਰ, ਪੀ.ਜੀ.ਆਈ. ਤੋਂ ਡਾ. ਪੂਨਮ, ਡਾ. ਰਚਨਾ, ਡਾਇਰੈਕਟਰ ਖੇਤੀਬਾੜੀ ਸ੍ਰੀ ਗੁਰਵਿੰਦਰ ਸਿੰਘ, ‘ਖੇਤੀ ਵਿਰਾਸਤ ਮਿਸ਼ਨ’ਦੇ ਮੁਖੀ ਸ੍ਰੀ ਉਮੇਂਦਰ ਦੱਤ, ਚੈਂਬਰ ਆਫ਼ ਕਾਮਰਸ ਦੇ ਸ੍ਰੀ ਆਰ.ਐਸ. ਸਚਦੇਵਾ ਤੇ ਹੋਰ ਅਧਿਕਾਰੀ ਤੇ ਪਤਵੰਤੇ ਮੌਜੂਦ ਸਨ।