
ਸ੍ਰੀ ਫਤਿਹਗੜ੍ਹ ਸਾਹਿਬ, 31 ਜਨਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਡਾ ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਸਿਹਤ ਕੇਂਦਰਾਂ ਵਿੱਚ ਕੰਮ ਕਰਦੇ ਔਰਤ ਰੋਗਾਂ ਦੇ ਮਾਹਰ, ਬੱਚਿਆਂ ਦੇ ਮਾਹਿਰ, ਆਪਰੇਸ਼ਨਾਂ ਦੇ ਮਾਹਿਰ ਡਾਕਟਰਾਂ ਨੂੰ ਐਨਪੀਪੀਸੀਡੀ ("ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਡੈੱਫ਼ਨੈਸ") ਤਹਿਤ ਇਕ ਰੋਜਾ ਸਿਖਲਾਈ ਦਿੱਤੀ ਗਈ। ਸਿਖਲਾਈ ਦੌਰਾਨ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਬਹਿਰੇਪਣ ਨੂੰ ਰੋਕਣ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਹਰ ਉਮਰ ਵਰਗ ਦੇ ਵਿਅਕਤੀਆਂ ਵਿੱਚ ਬਿਮਾਰੀ ਜਾਂ ਸੱਟ ਕਾਰਨ ਸੁਣਨ ਸ਼ਕਤੀ ਦੇ ਨੁਕਸਾਨ ਨੂੰ ਰੋਕਣਾ ,ਕੰਨਾਂ ਦੀਆਂ ਸਮੱਸਿਆਵਾਂ ਦੀ ਪਹਿਚਾਣ , ਸੁਣਨ ਸ਼ਕਤੀ ਦੇ ਨੁਕਸਾਨ ਦੇ ਕਾਰਨ ਨੂੰ ਲੱਭ ਕੇ ਉਸਦਾ ਪੂਰਨ ਇਲਾਜ ਕਰਨਾ ਹੈ। ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਇਹ ਸੇਵਾਵਾਂ ਸੂਬੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਸਰਕਾਰ ਵੱਲੋਂ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਇਹ ਵੀ ਕਿਹਾ ਕਿ ਆਮ ਲੋਕਾਂ ਨੂੰ ਕੰਨਾਂ ਦੀਆਂ ਬਿਮਾਰੀਆਂ ਅਤੇ ਬਹਿਰੇਪਣ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਵੱਧਦੀ ਉਮਰ ਜਾਂ ਕਿਸੇ ਵੀ ਹੋਰ ਕਾਰਨ ਜੇਕਰ ਕੰਨਾਂ ਦੀ ਸੁਨਣ ਸਕਤੀ ਘਟ ਜਾਵੇ ਤਾਂ ਉਸਨੂੰ ਸਮੇਂ ਸਿਰ ਸਰਕਾਰੀ ਸਿਹਤ ਸੰਸਥਾ ਵਿੱਚ ਕੰਨਾਂ ਦੇ ਮਾਹਰ ਡਾਕਟਰ ਤੋਂ ਇਲਾਜ ਕਰਵਾਉਣ ਚਾਹੀਦਾ ਹੈ। ਇਸ ਟ੍ਰੇਨਿੰਗ ਦੇ ਮਾਸਟਰ ਟਰੇਨਰ ਕੰਨਾਂ ਦੇ ਮਾਹਰ ਡਾ ਦਮਨਜੀਤ ਕੌਰ ਨੇ ਹਰ ਉਮਰ ਵਰਗ ਦੇ ਵਿਅਕਤੀਆਂ ਅਤੇ ਨਵਜਾਤ ਬੱਚਿਆਂ ਵਿੱਚ ਬਹਿਰੇਪਣ ਦੇ ਕਾਰਨ, ਲੱਛਣ, ਬਚਾਅ ਅਤੇ ਇਸ ਦੇ ਇਲਾਜ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਐਂਟੀਨੇਟਲ ਕੇਅਰ ਜਿਵੇਂ ਗਰਭ ਦੌਰਾਨ ਬੱਚਿਆਂ ਵਿੱਚ ਹੋਣ ਵਾਲੀ ਇਨਫੈਕਸ਼ਨ, ਜਨਮ ਜਾਤ ਬਿਮਾਰੀਆਂ, ਹਾਨੀਕਾਰਕ ਦਵਾਈਆਂ ਜਿਹੜੀਆਂ ਬੱਚਿਆਂ ਦੇ ਕੰਨਾਂ ਵਿੱਚ ਅਸਰ ਕਰਦੀਆਂ ਹਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਆਕਸੀਜਨ ਦੀ ਕਮੀ, ਘੱਟ ਭਾਰ , ਜਨਮਜਾਤ ਪੀਲੀਆ ਆਦਿ ਸਮੱਸਿਆਵਾਂ ਨਾਲ ਪੀੜਿਤ ਨਵਜਾਤ ਬੱਚਿਆਂ ਨੂੰ ਹੋਣ ਵਾਲੀਆਂ ਕੰਨਾਂ ਦੀਆਂ ਸਮੱਸਿਆਵਾਂ ਸਬੰਧੀ ਵੀ ਵਿਸਥਾਰ ਸਹਿਤ ਜਾਣੂ ਕਰਵਾਇਆ। ਇਸ ਮੌਕੇ ਤੇ ਡੀਪੀਐਮ ਡਾ ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਬੀਸੀਸੀ ਅਮਰਜੀਤ ਸਿੰਘ ਆਦਿ ਹਾਜ਼ਰ ਸਨ।