- ਹੁਕਮ 01 ਦਸੰਬਰ 2023 ਤੱਕ ਰਹਿਣਗੇ ਲਾਗੂ, ਪਾਲਣਾ ਨਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਫਰੀਦਕੋਟ 12 ਅਕਤੂਬਰ : ਜਿਲ੍ਹਾ ਮੈਜਿਸਟਰੇਟ ਸ੍ਰੀ ਵਿਨੀਤ ਕੁਮਾਰ ਨੇ ਫੌਜ਼ਦਾਰੀ ਦੰਡ ਸੰਘਤਾ , 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਹਾਰਵੈਸਟ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਸਬੰਧੀ ਜਿਲ੍ਹੇ ਵਿੱਚ 01 ਦਸੰਬਰ 2023 ਤੱਕ ਹੁਕਮ ਜਾਰੀ ਕੀਤੇ ਹਨ। ਜਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਫਰੀਦਕੋਟ ਜਿਲ੍ਹੇ ਵਿੱਚ ਝੋਨੇ ਦੀ ਕਟਾਈ ਲਈ ਹਾਰਵੈਸਟ ਕੰਬਾਈਨਾਂ ਸਵੇਰੇ 07:00 ਵਜੇ ਤੋਂ ਸ਼ਾਮ 7:00 ਵਜੇ ਤੱਕ ਹੀ ਚੱਲਣਗੀਆਂ । ਇਸ ਸਮੇਂ ਤੋਂ ਬਾਅਦ ( ਸ਼ਾਮ 07.00 ਵਜੇ ਤੋਂ ਬਾਅਦ ਸਵੇਰ 07.00 ਵਜੇ ਤੱਕ ) ਝੋਨੇ ਦੀ ਕੰਬਾਈਨਾਂ ਰਾਹੀਂ ਕਟਾਈ ਤੇ ਮੁਕੰਮਲ ਤੌਰ ਤੇ ਰੋਕ ਹੋਵੇਗੀ। ਹਰ ਅਨਾਜ ਮੰਡੀ ( ਸਮੇਤ ਆਰਜੀ ਮੰਡੀਆਂ) ਵਿੱਚ ਆੜਤੀਆ, ਮੰਡੀ ਬੋਰਡ ਪੰਜਾਬ ਸਰਕਾਰ ਅਤੇ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ।ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕਿਸਾਨਾਂ ਵੱਲੋਂ ਝੋਨੇ 2023 ਦੌਰਾਨ ਝੋਨੇ ਦੀ ਫਸਲ ਦੀ ਕਟਾਈ ਸ਼ੁਰੂ ਕੀਤੀ ਜਾ ਰਹੀ ਹੈ । ਝੋਨੇ ਦੀ ਕਟਾਈ ਵਾਸਤੇ ਕੰਬਾਇਨਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਹ ਕੰਬਾਇਨਾਂ ਦੇਰ ਸਵੇਰ ਚੱਲਣ ਨਾਲ ਰਾਤ ਸਮੇਂ ਪਈ ਤਰੇਲ ਕਾਰਨ ਝੋਨੇ ਦੀ ਗਿੱਲੀ ਫਸਲ ਦੀ ਕਟਾਈ ਕਰਦੇ ਹਨ ਜਿਸ ਨਾਲ ਫਸਲ ਵਿੱਚ ਨਮੀ ਦੀ ਮਾਤਰਾ ਨਿਰਧਾਰਤ ਮਾਪਦੰਡ ਤੋਂ ਵੱਧਣ ਦੀ ਸੰਭਾਵਨਾ ਹੁੰਦੀ ਹੈ । ਗਿੱਲੀ ਫਸਲ ਮੰਡੀਆਂ ਵਿੱਚ ਲਿਆਉਣ ਕਰਕੇ ਕਿਸਾਨਾਂ ਨੂੰ ਕਈ ਵਾਰ ਫਸਲ ਵੇਚਣ ਵਿੱਚ ਗੈਰ - ਲੋੜੀਦੀ ਦੇਰੀ ਹੁੰਦੀ ਹੈ , ਜਿਸ ਨਾਲ ਉਹਨਾਂ ਵਿੱਚ ਰੋਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਕਿਸਾਨ ਜਥੇਬੰਦੀਆਂ ਧਰਨਿਆਂ ਤੇ ਉਤਾਰੂ ਹੋ ਜਾਂਦੀਆਂ ਹਨ , ਜੋ ਕਿ ਟਰੈਫਿਕ ਸਮੱਸਿਆ ਦੇ ਨਾਲ - ਨਾਲ ਅਮਨ ਕਾਨੂੰਨ ਦੀ ਸਥਿਤੀ ਲਈ ਵੀ ਮੁਸ਼ਕਿਲ ਪੈਦਾ ਕਰਦੇ ਹਨ । ਉਨ੍ਹਾਂ ਕਿਹਾ ਕਿ ਇਹ ਹੁਕਮ ਮਿਤੀ 01 ਦਸੰਬਰ 2023 ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।