- ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਕੈਂਪ ਦਾ ਉਦਘਾਟਨ ਕਰਦਿਆਂ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਸੌਂਪੇ
ਲੁਧਿਆਣਾ, 19 ਜੁਲਾਈ, 2024 : ਪੰਜਾਬ ਸਰਕਾਰ ਦੇ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਤਹਿਤ ਗੁਰੂਸਰ ਸੁਧਾਰ ਵਿਖੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਸਿੱਧੀਆਂ ਉਨ੍ਹਾਂ ਦੇ ਜੱਦੀ ਸਥਾਨਾਂ 'ਤੇ ਮੁਹੱਈਆ ਕਰਵਾਉਣ ਲਈ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਵਿਧਾਇਕ ਹਾਕਮ ਸਿੰਘ ਠੇਕੇਦਾਰ ਸਮੇਤ ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਚਰਨਦੀਪ ਸਿੰਘ, ਐਸ.ਡੀ.ਐਮ. ਰਾਏਕੋਟ ਬੇਅੰਤ ਸਿੰਘ ਸਿੱਧੂ ਤੇ ਹੋਰਨਾਂ ਨੇ ਕੀਤਾ। 'ਸਰਕਾਰ ਤੁਹਾਡੇ ਦੁਆਰ' ਕੈਂਪ ਦੌਰਾਨ ਦਿਵਿਆਂਗਜਨਾਂ ਲਈ ਪੈਨਸ਼ਨਾਂ, ਬੁਢਾਪਾ ਪੈਨਸ਼ਨਾਂ, ਵਿਧਵਾ ਪੈਨਸ਼ਨਾਂ ਤੋਂ ਇਲਾਵਾ ਹੋਰ ਵੱਖ-ਵੱਖ ਪੈਨਸ਼ਨਾਂ ਸਬੰਧੀ ਅਨੇਕਾਂ ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਗਈ। ਹਲਵਾਰਾ ਨਿਵਾਸੀ ਹਰਵਿੰਦਰ ਸਿੰਘ ਆਪਣੀ ਆਪਣੀ ਮਾਤਾ ਅੰਮ੍ਰਿਤਪਾਲ ਕੌਰ ਨਾਲ ਉਨ੍ਹਾਂ ਦੀ ਵਿਧਵਾ ਪੈਨਸ਼ਨ ਲਈ ਕੈਂਪ ਵਿੱਚ ਪੁੱਜੇ ਸਨ, ਨੇ ਅਧਿਕਾਰੀਆਂ ਤੋਂ ਤੁਰੰਤ ਪ੍ਰਵਾਨਗੀ ਲਈ। ਉਨ੍ਹਾਂ ਇੱਥੇ ਕੈਂਪ ਲਾਉਣ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਸੁਧਾਰ ਤੋਂ ਪ੍ਰੀਤਮ ਕੌਰ ਨੇ ਵੀ ਕੈਂਪ ਵਿੱਚ ਆਪਣੀ ਮਾਤਾ ਸਵਰਨ ਕੌਰ ਦੀ ਵਿਧਵਾ ਪੈਨਸ਼ਨ ਕਾਰਡ ਪ੍ਰਾਪਤ ਕੀਤਾ ਅਤੇ ਸਰਕਾਰ ਦਾ ਧੰਨਵਾਦ ਕੀਤਾ। ਪਿੰਡ ਤੁਗਲ ਦੀ ਸਰਬਜੀਤ ਕੌਰ ਨੇ ਵੀ ਕੈਂਪ ਵਿੱਚ ਆਪਣੀ ਦਿਵਿਆਂਗ ਧੀ ਲਈ ਪੈਨਸ਼ਨ ਲਈ ਪ੍ਰਵਾਨਗੀ ਪੱਤਰ ਪ੍ਰਾਪਤ ਕੀਤਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਬੂਹਿਆਂ 'ਤੇ ਸੇਵਾਵਾਂ ਪ੍ਰਦਾਨ ਕਰਨ ਦੀ ਮੁਹਿੰਮ ਦੀ ਸ਼ਲਾਘਾ ਕੀਤੀ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਦੱਸਿਆ ਕਿ ਇਹ ਕੈਂਪ ਹਰ ਹਫ਼ਤੇ ਲਗਾਏ ਜਾ ਰਹੇ ਹਨ ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿੱਚ ਮਾਲ ਵਿਭਾਗ, ਸੇਵਾ ਕੇਂਦਰ, ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ, ਸਮਾਜਿਕ ਸੁਰੱਖਿਆ ਅਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ, ਖੇਤੀਬਾੜੀ ਅਤੇ ਕਿਸਾਨ ਭਲਾਈ, ਸਿਹਤ, ਜਲ ਸਪਲਾਈ ਅਤੇ ਸੈਨੀਟੇਸ਼ਨ, ਪੀ.ਐਸ.ਪੀ.ਸੀ.ਐਲ. ਡੀ.ਬੀ.ਈ.ਈ., ਪੇਂਡੂ ਵਿਕਾਸ ਅਤੇ ਪੰਚਾਇਤਾਂ, ਖੁਰਾਕ ਸਪਲਾਈ, ਲੇਬਰ ਅਤੇ ਪੁਲਿਸ ਸ਼ਾਮਲ ਹਨ। ਕੈਂਪ ਦੌਰਾਨ ਉਨ੍ਹਾਂ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਅਤੇ ਸੀਨੀਅਰ ਸਿਟੀਜ਼ਨ ਕਾਰਡ ਵੀ ਸੌਂਪੇ।