- ਸਕੂਲ ਸਿੱਖਿਆ ਦੇ ਵਿਕਾਸ ਲਈ 1600 ਕਰੋੜ ਰੁਪਏ ਲਗਾਏ ਜਾਣਗੇ : ਸਿੱਖਿਆ ਮੰਤਰੀ
- ਕਿਹਾ, ਸਿੱਖਿਆ ਦੇ ਖੇਤਰ 'ਚ ਸੁਧਾਰ ਮਾਨ ਸਰਕਾਰ ਦੀ ਪਹਿਲੀ ਤਰਜ਼ੀਹ
ਪਟਿਆਲਾ, 14 ਸਤੰਬਰ : ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਵੱਡੇ ਕਦਮ ਚੁੱਕਦਿਆਂ ਜਿਥੇ 'ਸਕੂਲ ਆਫ ਐਮੀਨੈਂਸ' ਦੀ ਸ਼ੁਰੂਆਤ ਕੀਤੀ ਹੈ, ਉਥੇ ਹੀ ਸਕੂਲ ਸਿੱਖਿਆ ਦੇ ਵਿਕਾਸ ਲਈ 1600 ਕਰੋੜ ਰੁਪਏ ਦੀ ਲਾਗਤ ਨਾਲ ਕਾਇਆ ਕਲਪ ਕਰਨ ਦੇ ਵੱਡੇ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਪ੍ਰਗਟਾਵਾਂ ਸੂਬੇ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਪਟਿਆਲਾ ਵਿਖੇ ਇੱਕ ਨਿਜੀ ਚੈਨਲ ਵੱਲੋਂ ਕਰਵਾਈ ਸਿੱਖਿਆ ਦੇ ਖੇਤਰ ਨਾਲ ਸਬੰਧਤ ਕਨਕਲੇਵ ਵਿੱਚ ਸ਼ਿਰਕਤ ਕਰਦਿਆਂ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਕੂਲਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਸੱਤ ਹਜ਼ਾਰ ਤੋਂ ਵੱਧ ਸਕੂਲਾਂ ਦੀ ਚਾਰਦੀਵਾਰੀ ਕਰਨ ਲਈ 358 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਬੈਂਚਾਂ ਤੇ ਹੋਰ ਫਰਨੀਚਰ ਉਤੇ 25 ਕਰੋੜ ਰੁਪਏ ਅਤੇ ਵਾਸ਼ਰੂਮਾਂ ਉਤੇ 60 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ 10,000 ਨਵੇਂ ਕਲਾਸ ਰੂਮ ਬਣਾਉਣ ਲਈ 800 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਕੰਮ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹਰੇਕ ਸਕੂਲ ਨੂੰ ਕੈਂਪਸ ਮੈਨੇਜਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਹਰੇਕ ਸਰਕਾਰੀ ਸੈਕੰਡਰੀ ਸਕੂਲ ਨੂੰ ਦੋ-ਦੋ ਸੁਰੱਖਿਆ ਗਾਰਡ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛੇ ਮਹੀਨਿਆਂ ਦੇ ਅੰਦਰ ਸੂਬੇ ਦੇ ਸਾਰੇ ਸਕੂਲ ਇੰਟਰਨੈੱਟ ਦੀਆਂ ਸਹੂਲਤਾਂ ਨਾਲ ਲੈਸ ਹੋਣਗੇ। ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨਾ ਮਾਨ ਸਰਕਾਰ ਦੀ ਪਹਿਲੀ ਤਰਜ਼ੀਹ ਰਿਹਾ ਹੈ, ਜਿਸ 'ਤੇ ਸਰਕਾਰ ਬਣਦੇ ਸਾਰ ਹੀ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀ ਸਿੱਖਿਆ ਨੀਤੀ ਲੈਕੇ ਆਵੇਗੀ, ਜਿਸ ਉਤੇ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਬਿਹਤਰੀਨ ਕੰਮ ਕਰਨ ਵਾਲੀਆਂ ਸਖਸੀਅਤਾ ਦਾ ਸਨਮਾਨ ਵੀਂ ਕੀਤਾ ਗਿਆ।