- ਪਸ਼ੂ ਪਾਲਕ ਆਪਣੀ ਨੇੜਲੀ ਪਸ਼ੂ ਸੰਸਥਾ ਜਰੀਏ ਮੁਫ਼ਤ ਲਗਵਾ ਸਕਦੇ ਹਨ ਵੈਕਸੀਨ-ਡਿਪਟੀ ਡਾਇਰੈਕਟਰ ਹਰਵੀਨ ਕੌਰ
ਮੋਗਾ, 23 ਜੁਲਾਈ 2024 : ਸ੍ਰ. ਗੁਰਮੀਤ ਸਿੰਘ ਖੁੱਡੀਆਂ ਪਸ਼ੂ ਪਾਲਣ ਵਿਭਾਗ ਮੰਤਰੀ ਅਤੇ ਨਿਰਦੇਸ਼ਕ ਪਸ਼ੂ ਪਾਲਣ ਡਾ. ਜੀ.ਐਸ ਬੇਦੀ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪਸ਼ੂਆ ਲਈ ਬਰੂਸੀਲੋਸਿਸ ਬਿਮਾਰੀ ਤੋ ਬਚਾਓ ਵਾਸਤੇ ਵੈਕਸੀਨ ਮੁਹੱਈਆ ਕਰਵਾਈ ਗਈ ਹੈ। ਇਸ ਤਹਿਤ ਜ਼ਿਲ੍ਹਾ ਮੋਗਾ ਵਿੱਚ ਸੈਨਬਰੂ-ਓ ਫਰੀਜ਼ ਡਰਾਈਡ ਵੈਕਸੀਨ ਸਟਰੇਨ-19 ਦੀਆਂ 29,000 ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਇਹ ਖੁਰਾਕਾਂ 2 ਐਮ.ਐਲ. ਪ੍ਰਤੀ ਪਸ਼ੂ ਦੇ ਹਿਸਾਬ ਨਾਲ ਕੇਵਲ 4 ਤੋ 8 ਮਹੀਨੇ ਦੀਆਂ ਕੱਟੀਆਂ ਅਤੇ ਵੱਛੀਆਂ ਦੇ ਚਮੜੀ ਦੇ ਥੱਲੇ ਬਿਲਕੁਲ ਮੁਫ਼ਤ ਲਗਾਈਆਂ ਜਾਣੀਆਂ ਹਨ। ਡਿਪਟੀ ਡਾਇਰੈਕਟਰ,ਪਸ਼ੂ ਪਾਲਣ ਵਿਭਾਗ ਮੋਗਾ ਡਾ: ਹਰਵੀਨ ਕੌਰ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕਰਕੇ ਇਹ ਵੈਕਸੀਨ ਕੱਟੀਆਂ/ਵੱਛੀਆਂ ਦੇ ਜਰੂਰ ਲਗਵਾ ਲੈਣ। ਇਹ ਸਹੂਲਤ ਸਰਕਾਰ ਵੱਲੋਂ ਮੁਫ਼ਤ ਵਿੱਚ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਲਾਗ ਦੀ ਬਿਮਾਰੀ ਹੈ ਜਿਸ ਵਿੱਚ ਪਸ਼ੂ 7 ਮਹੀਨੇ ਤੇ ਫਲ ਸੁੱਟ ਜਾਂਦਾ ਹੈ ਅਤੇ ਕਦੇ ਦੁੱਧ ਨਹੀ ਦਿੰਦਾ। ਇਹ ਬਿਮਾਰੀ ਇੱਕ ਪਸ਼ੂ ਤੋ ਦੂਸਰੇ ਪਸ਼ੂ ਨੂੰ ਸਹਿਜੇ ਹੀ ਹੋ ਜਾਂਦੀ ਹੈ ਅਤੇ ਇਸ ਦਾ ਕੋਈ ਇਲਾਜ ਵੀ ਉਪੱਲਬਧ ਨਹੀ ਹੈ, ਪ੍ਰੰਤੂ ਜੇਕਰ ਇਹ ਵੈਕਸੀਨ ਸਮੇਂ ਸਿਰ ਪਸ਼ੂ ਦੇ ਲੱਗ ਜਾਵੇ ਤਾਂ ਮਾਦਾ ਕਟਰੂ ਸਾਰੀ ਉਮਰ ਵਾਸਤੇ ਇਸ ਬਿਮਾਰੀ ਤੋ ਮੁਕਤ ਹੋ ਜਾਂਦਾ ਹੈ। ਜਿਕਰਯੋਗ ਹੈ ਕਿ ਇਹ ਬਿਮਾਰੀ ਜੂਨੋਸਿਸ ਮੱਹਤਤਾ ਰੱਖਦੀ ਹੈ, ਮਤਲਬ ਪਸ਼ੂਆਂ ਤੋ ਮੱਨੁਖਾਂ ਨੂੰ ਵੀ ਹੋ ਸਕਦੀ ਹੈ। ਜਿਸ ਨਾਲ ਮੱਨੁਖਾਂ ਵਿੱਚ ਜੋੜਾਂ ਦੇ ਦਰਦ, ਬੁਖਾਰ, ਪਤਾਲੂਆ ਦੀ ਸੋਜ਼ ਆਦਿ ਲੱਛਣ ਪਾਏ ਜਾਂਦੇ ਹਨ ਅਤੇ ਇਸ ਦਾ ਇਲਾਜ ਕਾਫੀ ਔਖਾ ਹੈ।