ਮਾਨਸਾ, 13 ਮਾਰਚ : ਪੰਜਾਬ ਦੇ ਮਾਲਵਾ ਖੇਤਰ ਵਿੱਚ ਨੈਸ਼ਨਲ ਹਾਈਵੇ ਸਮੇਤ ਹੋਰਨਾਂ ਵੱਡੀਆਂ ਸੜਕਾਂ ਦੇ ਲਗਾਤਾਰ ਹੋ ਰਹੇ ਨਿਰਮਾਣ ਲਈ ਤਾਪ ਘਰਾਂ ਦੀ ਸੁਆਹ ਨੂੰ ਵਰਤਣ ਦੀ ਥਾਂ ਖੇਤਾਂ ਦੀ ਉਪਜਾਊ ਮਿੱਟੀ ਨੂੰ ਵਰਤਿਆ ਜਾ ਰਿਹਾ ਹੈ, ਜਿਸ ਲਈ ਅਜੇ ਤੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਿਧਰੇ ਵੀ ਗੰਭੀਰ ਹੋਇਆ ਵਿਖਾਈ ਨਹੀਂ ਦਿੱਤੀ ਹੈ। ਇਨ੍ਹਾਂ ਵੱਡੀਆਂ ਸੜਕਾਂ ਉਪਰ ਲਗਾਤਾਰ ਟਰੈਕਟਰ-ਟਰਾਲੀਆਂ ਅਤੇ ਟਿੱਪਰਾਂ ਨਾਲ ਖੇਤਾਂ ਦੀ ਮਿੱਟੀ ਨਾਲ ਭਰਤ ਪਾਈ ਜਾ ਰਹੀ ਹੈ, ਜਦੋਂ ਕਿ ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੜਕਾਂ ਦੇ ਨਿਰਮਾਣ ਵਿੱਚ ਫਲਾਈ ਐਸ਼ (ਤਾਪਘਰਾਂ ਦੀ ਸੁਆਹ) ਵਰਤੋਂ ਲਈ ਮਿੱਟੀ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬਕਾਇਦਾ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਮਾਨਸਾ ਜ਼ਿਲ੍ਹੇ ਵਿੱਚ ਭੀਖੀ ਤੋਂ ਜਾਖ਼ਲ ਤੱਕ ਦਿੱਲੀ ਜਾਣ ਲਈ ਬਣ ਰਹੇ ਨੈਸ਼ਨਲ ਹਾਈਵੇ ਉਤੇ ਵੱਡੇ ਪੱਧਰ ’ਤੇ ਖੇਤਾਂ ਦੀ ਮਿੱਟੀ ਨੂੰ ਵਰਤਿਆ ਗਿਆ ਹੈ ਅਤੇ ਵੱਡੇ-ਵੱਡੇ ਬਣ ਰਹੇ ਓਵਰਬਿ੍ਰਜਾਂ ਸਮੇਤ ਕਿੱਧਰੇ ਥਰਮਲ ਦੀ ਰਾਖ਼ ਨੂੰ ਨਹੀਂ ਵਰਤੋਂ ਵਿੱਚ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਮਾਲਵਾ ਖੇਤਰ ਵਿੱਚ ਐਕਸਪ੍ਰੈਸ ਵੇਅ ਸਮੇਤ ਹੋਰ ਵੱਡੇ ਕੌਮੀ ਮਾਰਗਾਂ ਦੀ ਉਸਾਰੀ ਲਈ ਅਜੇ ਤੱਕ ਕਿਧਰੇ ਵੀ ਤਾਪ ਘਰਾਂ ਦੀ ਸੁਆਹ ਨੂੰ ਨਹੀਂ ਵਰਤਿਆ ਗਿਆ ਹੈ। ਪੰਜਾਬ ਵਿੱਚ ਤਲਵੰਡੀ ਸਾਬੋ ਪਾਵਰ ਲਿਮਟਿਡ ਬਣਾਂਵਾਲਾ ਸਮੇਤ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ, ਐਲ.ਐਡ ਟੀ ਰਾਜਪੁਰਾ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ, ਜੀ.ਵੀ.ਕੇ ਗੋਇੰਦਵਾਲ, ਗੁਰੂ ਗੋਬਿੰਦ ਸਿੰਘ ਰਿਫਾਇਨਰੀ ਰਾਮਾਂ ਮੰਡੀ ਵਿੱਚ ਰੋਜ਼ਾਨਾ ਸੈਂਕੜੇ ਟਨ ਕੋਇਲੇ ਦੀ ਵਰਤੋਂ ਹੋਣ ਨਾਲ ਵੱਡੀ ਪੱਧਰ ’ਤੇ ਸੁਆਹ ਪੈਦਾ ਹੁੰਦੀ ਹੈ। ਭਾਵੇਂ ਇਹ ਸੁਆਹ ਪੰਜਾਬ ਦੇ ਕੁੱਝ ਸੀਮਿੰਟ ਬਣਾਉਣ ਵਾਲੀਆਂ ਫੈਕਟਰੀਆਂ ਥੋੜ੍ਹੀ ਮਾਤਰਾ ਵਿੱਚ ਉਥੋਂ ਹਾਸਲ ਕਰਦੀਆਂ ਹਨ, ਪਰ ਇਸ ਸੁਆਹ ਦੀ ਵਰਤੋਂ ਸੜਕਾਂ ਅਤੇ ਓਵਰਬਿ੍ਰਜਾਂ ਦੇ ਨਿਰਮਾਣ ਲਈ, ਜੋ ਹਦਾਇਤ ਕੀਤੀ ਹੋਈ ਹੈ, ਉਹ ਕਿਧਰੇ ਵੀ ਲਾਗੂ ਨਹੀਂ ਹੋਈ ਹੈ। ਆਮ ਆਦਮੀ ਪਾਰਟੀ ਦੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਾਤਾਵਰਣ ਨੂੰ ਬਚਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰੇ-ਭਰੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ ਪੱਤਰ ਲਿਖਦਿਆਂ ਮੰਗ ਕੀਤੀ ਹੈ ਮਿੱਟੀ ਦੇ ਉਪਰਲੇ ਖਾਤਮੇ ਲਈ ਐਨ.ਐਚ.ਏ.ਆਈ ਨੂੰ ਜਵਾਬਦੇਹ ਠਹਿਰਾਇਆ ਜਾਵੇ ਅਤੇ ਸੜਕਾਂ ਦੇ ਨਿਰਮਾਣ ਵਾਲੀਆਂ ਸਾਰੀਆਂ ਸਾਈਟਾਂ ਲਈ ਫੈਲਾਈ ਐਸ਼ (ਤਾਪਘਰਾਂ ਦੀ ਸੁਆਹ) ਨਾ ਕਰਨ ਲਈ ਉਨ੍ਹਾਂ ’ਤੇ ਜ਼ੁਰਮਾਨਾ ਲਗਾਇਆ ਜਾਵੇ। ਇਸੇ ਦੌਰਾਨ ਸਾਬਕਾ ਮੁੱਖ ਖੇਤੀਬਾੜੀ ਅਫ਼ਸਰ ਅਮਰਜੀਤ ਸ਼ਰਮਾਂ ਨੇ ਫੈਲਾਈ ਐਸ਼ ਦੀ ਥਾਂ ਖੇਤਾਂ ਦੀ ਮਿੱਟੀ ਨੂੰ ਕੌਮੀ ਮਾਰਗਾਂ ਸਮੇਤ ਓਵਰਬਿ੍ਰਜਾਂ ਦੀ ਉਸਾਰੀ ਦੀ ਵਰਤੋਂ ਨੂੰ ਖ਼ਤਰਾ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਫ਼ਸਲਾਂ ਦੇ ਝਾੜ ਉਤੇ ਮਾੜਾ ਅਸਰ ਪੈ ਸਕਦਾ ਹੈ। ਇਸੇ ਦੌਰਾਨ ਪਿੰਡ ਫਫੜੇ ਭਾਈਕੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕਿਸਾਨ ਆਪਣੇ ਖੇਤ ਵਿਚੋਂ ਵਰਤੋਂ ਲਈ ਮਿੱਟੀ ਪੁੱਟਦਾ ਹੈ ਤਾਂ ਉਸ ’ਤੇ ਪੁਲੀਸ ਕਾਰਵਾਈ ਕੀਤੀ ਜਾਂਦੀ ਹੈ, ਜਦੋਂ ਕਿ ਦੂਜੇ ਪਾਸੇ ਪ੍ਰਾਈਵੇਟ ਕੰਪਨੀਆਂ ਵੱਲੋਂ ਖੇਤਾਂ ਦੀ ਉਪਜਾਊ ਮਿੱਟੀ ਨੂੰ ਨਜਾਇਜ਼ ਤਰੀਕੇ ਨਾਲ ਕੌਮੀ ਮੁੱਖ ਮਾਰਗਾਂ ਅਤੇ ਓਵਰਬਿ੍ਰਜ ਦੀ ਉਸਾਰੀ ਲਈ ਵਰਤਦੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਕੰਪਨੀਆਂ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਦੀ ਉਸਾਰੀ ਲਈ ਤਾਪ ਘਰਾਂ ਦੀ ਸੁਆਹ ਨੂੰ ਹੀ ਵਰਤਿਆ ਜਾਵੇ ਤਾਂ ਜੋ ਪ੍ਰਦੂਸ਼ਣ ਤੋਂ ਵੀ ਬਚਾਅ ਹੋ ਸਕੇ। ਇਸੇ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬਠਿੰਡਾ ਸਥਿਤ ਐਕਸੀਅਨ ਗੁਰਮੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬੋਰਡ ਵੱਲੋਂ ਐਨ.ਐਚ.ਏ.ਆਈ ਨੂੰ ਇੱਕ ਪੱਤਰ ਲਿਖਕੇ ਜਾਣਕਾਰੀ ਮੰਗੀ ਹੈ ਕਿ ਉਹ ਕਿਹੜੇ ਤਾਪਘਰਾਂ ਤੋਂ ਫੈਲਾਈ ਐਸ਼ ਲੈਕੇ ਕਿੱਥੇ-ਕਿੱਥੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਖ਼ਤੀ ਨਾਲ ਉਨ੍ਹਾਂ ਵਰਤੋਂ ਕਰਨ ਲਈ ਹਦਾਇਤ ਕੀਤੀ ਗਈ ਹੈ।