ਮੋਗਾ, 26 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਇੱਕ ਵਰਗ ਦੀ ਭਲਾਈ ਲਈ ਵਚਨਬੱਧ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਇੱਕ ਤੋਂ ਬਾਅਦ ਇੱਕ ਲੋਕ ਹਿੱਤੀ ਫੈਸਲੇ ਇਸ ਗੱਲ ਦੀ ਗਵਾਹੀ ਭਰ ਰਹੇ ਹਨ ਹੁਣ ਲੋਕਾਂ ਦੀ ਆਪਣੀ ਸਰਕਾਰ ਆ ਚੁੱਕੀ ਹੈ ਜਿਸ ਵਿੱਚ ਕਿਸੇ ਵੀ ਵਰਗ ਨਾਲ ਬੇਇਨਸਾਫ਼ੀ ਵਾਲਾ ਰਵੱਈਆ ਨਹੀਂ ਅਪਣਾਇਆ ਜਾ ਰਿਹਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਮੋਗਾ ਦੇ ਲੋੜਵੰਦ ਸਵੈ ਸਹਾਇਤਾ ਸਮੂਹਾਂ ਨੂੰ 5 ਹੈਚਿੰਗ ਮਸ਼ੀਨਾਂ ਦੀ ਵੰਡ ਮੌਕੇ ਕੀਤਾ। ਆਈ.ਐਸ.ਐਫ਼ ਕਾਲਜ ਘੱਲ ਕਲਾਂ (ਮੋਗਾ) ਵਿਖੇ ਰੱਖੇ ਗਏ ਐਨ.ਆਰ.ਆਈ. ਮਿਲਨੀ ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਵੱਲੋਂ ਇਨ੍ਹਾਂ ਮਸ਼ੀਨਾਂ ਦੀ ਵੰਡ ਕੀਤੀ ਗਈ। ਇਨ੍ਹਾਂ ਸਮੂਹਾਂ ਵਿੱਚ ਬਾਬਾ ਜੀਵਨ ਸਿੰਘ, ਨੱਥੂਵਾਲਾ ਗਰਬੀ ਬਲਾਕ ਬਾਘਾਪੁਰਾਣਾ, ਬਾਬਾ ਜੀਵਨ ਸਿੰਘ ਮੱਲਕੇ ਬਲਾਕ ਬਾਘਾਪੁਰਾਣਾ, ਗੁਰੂ ਰਾਮਦਾਸ ਸਮੂਹ ਆਲਮ ਵਾਲਾ ਬਲਾਕ ਬਾਘਾਪੁਰਾਣਾ, ਏਕਨੂ ਸਮੂਹ ਢੋਲੇ ਵਾਲਾ ਬਲਾਕ ਕੋਟ ਈਸੇ ਖਾਂ ਅਤੇ ਨੂਰ ਆਜੀਵਿਕਾ ਸਮੂਹ ਚੰਦ ਨਵਾਂ ਬਲਾਕ ਮੋਗਾ-2 ਦੇ ਸਵੈ ਸਹਾਇਤਾ ਗਰੁੱਪ ਸ਼ਾਮਿਲ ਹਨ।