ਫਰੀਦਕੋਟ 5 ਜੁਲਾਈ : ਵਿਧਾਇਕ ਫਰੀਦਕੋਟ ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਪੰਜਾਬੀਆਂ ਨੂੰ ਮਿਆਰੀ ਸਿਹਤ ਸਹੂਲਤਾਂ ਅਤੇ ਉੱਚ ਪੱਧਰ ਦੀ ਸਿੱਖਿਆ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸੇ ਲੜੀ ਵਿੱਚ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਨੂੰ ਸਕੂਲ ਆਫ ਐਮੀਨੈਂਸ ਬਣਾਉਣ ਲਈ ਚੁਣਿਆ ਗਿਆ ਹੈ। ਇਸ ਸਕੂਲ ਦੀ ਰੈਨੋਵੇਸ਼ਨ/ਰੀ-ਮਾਡਲਿੰਗ ਉੱਪਰ 2.45 ਕਰੋੜ ਖਰਚ ਆਉਣਗੇ। ਜਿਸ ਦੇ ਟੈਂਡਰ ਲੋਕ ਨਿਰਮਾਣ ਵਿਭਾਗ ਵੱਲੋਂ ਲਗਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਟੈਂਡਰ ਪ੍ਰਵਾਨ ਕਰਵਾ ਕੇ ਇਹ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਦੇ ਰਹਿਣਗੇ ਤਾਂ ਜੋ ਕੰਮਾਂ ਦੀ ਕੁਆਲਿਟੀ ਬਰਕਰਾਰ ਰਹਿ ਸਕੇ। ਉਨ੍ਹਾਂ ਕਿਹਾ ਕਿ ਉਹ ਕਿਸੇ ਹਾਲਤ ਵਿੱਚ ਸਰਕਾਰੀ ਪੈਸੇ ਦੀ ਦੁਰਵਰਤੋਂ ਨਹੀਂ ਹੋਣ ਦੇਣਗੇ।