ਲੁਧਿਆਣਾ: ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ ਬਠਿੰਡਾ ਦੇ ਸਾਬਕਾ ਚਾਂਸਲਰ, ਉੱਘੇ ਸਿੱਖਿਆ ਤੇ ਅਰਥ ਸ਼ਾਸਤਰੀ ਪਦਮ ਵਿਭੂਸ਼ਨ ਡਾਃ ਸ. ਸ. ਜੌਹਲ, ਪੀਏ ਯੂ ਦੇ ਸਾਬਕਾ ਵਾਈਸ ਚਾਂਸਲਰ ਡਾਃ ਕ੍ਰਿਪਾਲ ਸਿੰਘ ਔਲਖ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪਰੋ ਵਾਈਸ ਚਾਂਸਲਰ ਪ੍ਰੋਃ ਪਿਰਥੀਪਾਲ ਸਿੰਘ ਕਪੂਰ, ਸ਼੍ਰੋਮਣੀ ਪੰਜਾਬੀ ਨਾਟਕਕਾਰ ਡਾਃ ਆਤਮਜੀਤ ਸਿੰਘ , ਜਰਨੈਲ ਸਿੰਘ ਸੇਖਾ ਤੇ ਮੋਹਨ ਗਿੱਲ ਕੈਨੇਡਾ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪੰਜ ਵੱਡੇ ਲੇਖਕਾਂ/ਵਿਦਵਾਨਾਂ ਨੂੰ ਫੈਲੋਸ਼ਿਪ ਦੇਣ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ। ਡਾਃ ਜੌਹਲ ਨੇ ਕਿਹਾ ਹੈ ਕਿ ਜਿੱਥੇ ਸਰਬਾਂਗੀ ਲੇਖਕ ਸਃ ਗੁਲਜ਼ਾਰ ਸਿੰਘ ਸੰਧੂ, ਕਹਾਣੀਕਾਰ ਪ੍ਰੇਮ ਪ੍ਰਕਾਸ਼, ਕੈਨੇਡਾ ਵੱਸਦੇ ਬਹੁ ਵਿਧਾਈ ਲੇਖਕ ਰਵਿੰਦਰ ਰਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ ਸਿਰਜਣਾਤਮਕ ਸਾਹਿੱਤ ਵਿੱਚ ਉਚੇਰੇ ਕੱਦ ਵਾਲੇ ਹਨ ਉਥੇ ਡਾਃ ਸ ਪ ਸਿੰਘ ਪੰਜਾਬੀ ਭਾਸ਼ਾ ਦੇ ਅਧਿਆਪਨ ਵਿੱਚੋਂ ਉੱਸਰੇ ਉਹ ਵਿਦਵਾਨ ਹਨ ਜੋ ਪਰਵਾਸੀ ਸਾਹਿੱਤ ਨੂੰ ਵਿਸ਼ੇਸ਼ ਸਥਾਨ ਦਿਵਾਉਣ ਦੇ ਨਾਲ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਵਾਈਸ ਚਾਂਸਲਰ ਦੇ ਰੁਤਬੇ ਤੇ ਪੁੱਜੇ।
ਪੰਜਾਬੀ ਸਾਹਿੱਤ ਅਧਿਆਪਨ ਦੇ ਖੇਤਰ ਤੋਂ ਇਸ ਪਦਵੀ ਤੀਕ ਪੁੱਜਣ ਵਾਲੇ ਉਹ ਇੱਕੋ ਇੱਕ ਸ਼ਖ਼ਸੀਅਤ ਹਨ ਜੋ ਹੁਣ ਤੀਕ ਵੀ ਪੂਰੇ ਸਰਗਰਮ ਹਨ।