ਖੇਡਾਂ ਵਤਨ ਪੰਜਾਬ ਦੀਆਂ- ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼

  • ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖੇਡਾਂ ਵਿੱਚ ਭਾਗ ਲੈਣਾ ਨੌਜਵਾਨਾਂ ਲਈ ਸੇਧ: ਪੂਨਮਦੀਪ ਕੌਰ
  • 4 ਅਕਤੂਬਰ ਤੱਕ ਚੱਲਣਗੇ ਜ਼ਿਲ੍ਹਾ ਪੱਧਰੀ ਮੁਕਾਬਲੇ

ਬਰਨਾਲਾ, 30 ਸਤੰਬਰ : ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਸੋਚ ਸਦਕਾ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਜ਼ਿਲ੍ਹਾ ਪੱਧਰੀ ਮੁਕਾਬਲੇ ਅੱਜ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵਲੋਂ ਇੱਥੇ ਬਾਬਾ ਕਾਲਾ ਮਹਿਰ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਤੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ ਛੋਟੀ ਉਮਰ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗ ਵੀ ਭਾਗ ਲਈ ਰਹੇ ਹਨ, ਜੋ ਕਿ ਨੌਜਵਾਨਾਂ ਲਈ ਉਸਾਰੂ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉੱਦਮ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਵੱਲ ਮੋੜ ਕੇ ਨਸ਼ਿਆਂ ਜਿਹੀਆਂ ਅਲਾਮਤਾਂ ਤੋਂ ਦੂਰ ਰੱਖਣਾ ਹੈ। ਉਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਰਹੀਆਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ 20 ਤੋਂ ਵੱਧ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 4 ਅਕਤੂਬਰ ਤੱਕ ਚੱਲਣਗੇ। ਅਥਲੈਟਿਕਸ, ਵੇਟ ਲਿਫਟਿੰਗ ਤੇ ਖੋ ਖੋ ਦੇ ਮੁਕਾਬਲੇ ਬਾਬਾ ਕਾਲਾ ਮਹਿਰ ਸਟੇਡੀਅਮ, ਵਾਲੀਬਾਲ ਮੁਕਾਬਲੇ ਸ਼ਹੀਦ ਕਰਮ ਸਿੰਘ ਸਟੇਡੀਅਮ ਬਡਬਰ, ਫੁੱਟਬਾਲ, ਕਬੱਡੀ ਸਰਕਲ ਸਟਾਈਲ, ਕਬੱਡੀ ਨੈਸ਼ਨਲ ਸਟਾਈਲ ਮੁਕਾਬਲੇ ਪੱਕਾ ਬਾਗ ਸਟੇਡੀਅਮ ਧਨੌਲਾ, ਕਿੱਕ ਬਾਕਸਿੰਗ ਐਸ ਐਸ ਡੀ ਕਾਲਜ ਬਰਨਾਲਾ, ਨੈੱਟਬਾਲ, ਬਾਕਸਿੰਗ, ਸਾਫਟਬਾਲ ਮੁਕਾਬਲੇ ਐਸ ਡੀ ਕਾਲਜ ਬਰਨਾਲਾ, ਕੁਸ਼ਤੀ ਤੇ ਹੈਂਡਬਾਲ ਸ ਸ ਸ ਸ ਲੜਕੇ ਭਦੌੜ, ਬੈਡਮਿੰਟਨ ਤੇ ਟੇਬਲ ਟੈਨਿਸ ਮੁਕਾਬਲੇ ਐਲ ਬੀ ਐੱਸ ਕਾਲਜ ਬਰਨਾਲਾ, ਤੈਰਾਕੀ ਮੁਕਾਬਲੇ ਐਮਟੀਆਈਐਸ ਹੰਢਿਆਇਆ, ਚੈੱਸ ਵਾਈ ਐਸ ਸਕੂਲ ਬਰਨਾਲਾ, ਗੱਤਕਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ, ਬਾਸਕਿਟਬਾਲ ਮੁਕਾਬਲੇ ਸ ਸ ਸ ਲੜਕੇ ਧਨੌਲਾ, ਸ਼ੂਟਿੰਗ ਮੁਕਾਬਲੇ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਤੇ ਲਾਅਨ ਟੈਨਿਸ ਮੁਕਾਬਲੇ ਬਰਨਾਲਾ ਕਲੱਬ ਵਿਖੇ ਹੋਣਗੇ। ਇਸ ਮੌਕੇ ਜ਼ਿਲ੍ਹਾ ਖੇਡ ਦਫ਼ਤਰ ਦੇ ਕੋਚ ਗੁਰਬਿੰਦਰ ਕੌਰ, ਬਰਿੰਦਰਜੀਤ ਕੌਰ, ਜਸਪ੍ਰੀਤ ਸਿੰਘ, ਹਰਨੇਕ ਸਿੰਘ, ਹੋਰ ਕੋਚ ਤੇ ਖਿਡਾਰੀ ਹਾਜ਼ਰ ਸਨ।