ਜੀ. ਐਚ. ਜੀ ਪਬਲਿਕ ਸਕੂਲ ਵਿਖੇ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ
ਜਗਰਾਉ 27 ਦਸੰਬਰ (ਰਛਪਾਲ ਸਿੰਘ ਸ਼ੇਰਪੁਰੀ) : ਕੁਝ ਕਰਤੱਬ ਅਤੇ ਕਰਮ ਇੰਨੇ ਡੂੰਘੇ ਹੁੰਦੇ ਹਨ ਕਿ ਉਹ ਇਤਿਹਾਸ ਨੂੰ ਬਦਲ ਦਿੰਦੇ ਹਨ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਜਿਹੀ ਹੀ ਹੈ। ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ “ਵੱਡੇ ਸਾਹਿਬਜ਼ਾਦੇ” ਚਮਕੌਰ ਸਾਹਿਬ ਵਿਖੇ ਜੰਗ ਲੜਦਿਆਂ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਧਰਮ ਲਈ ਲੜਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੇ 26 ਦਸੰਬਰ, 1705 ਨੂੰ ਸ਼ਹੀਦੀ ਪ੍ਰਾਪਤ ਕੀਤੀ, ਜਦੋਂ ਉਨ੍ਹਾਂ ਨੂੰ ਛੇ ਅਤੇ ਨੌਂ ਸਾਲ ਦੀ ਉਮਰ ਵਿੱਚ ਸਰਹਿੰਦ ਦੇ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਬੇਰਹਿਮੀ ਨਾਲ ਨੀਹਾਂ ਵਿੱਚ ਚਿਣਵਾਂ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਨ੍ਹਾਂ ਸ਼ਬਦਾਂ.ਦਾ ਪ੍ਰਗਟਾਵਾ ਪ੍ਰਿੰਸੀਪਲ ਸ੍ਰੀ ਪਵਨ ਸੂਦ ਜੀ ਨੇ ਕੀਤਾ। ਉਹਨਾਂ ਨੇ ਦੱਸਿਆ ਕਿ ਜੀ ਪਬਲਿਕ ਸਕੂਲ ਸਿੱਧਵਾਂ ਖੁਰਦ ਦੇ ਵਿਹੜੇ ਵਿੱਚ ਚਾਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਦਿਨ ਸਕੂਲ ਦੇ ਵਿਦਿਆਰਥੀਆਂ ਨੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਹੋਰ ਸਿੰਘਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਕੂਲ ਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਚਾਰੇ ਹਾਊਸ ਦੇ ਬੱਚਿਆਂ ਅਤੇ ਅਧਿਆਪਕ ਸਹਿਬਾਨਾਂ ਨੇ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਕਵਿਤਾਵਾਂ, ਭਾਸ਼ਣ ਅਤੇ ਕਵੀਸ਼ਰੀਆਂ ਪੇਸ਼ ਕੀਤੀਆ। ਉਹਨਾਂ ਨੇ ਵਿਦਿਆਰਥੀਆਂ ਨੂੰ ਅਜਿਹੇ ਮਹਾਪੁਰਖਾਂ ਦੇ ਸਿਧਾਂਤਾਂ 'ਤੇ ਚੱਲਣ ਲਈ ਕਿਹਾ। ਅਜਿਹੀਆਂ ਸ਼ਖਸੀਅਤਾਂ ਦੀ ਸ਼ਹਾਦਤ ਸਾਨੂੰ ਆਪਣੇ ਧਰਮ 'ਤੇ ਦ੍ਰਿੜ੍ਹ ਰਹਿਣ, ਆਪਣੇ ਧਰਮ 'ਤੇ ਅਡੋਲ ਰਹਿਣ ਅਤੇ ਬੇਇਨਸਾਫ਼ੀ ਵਿਰੁੱਧ ਬਹਾਦਰੀ ਨਾਲ ਲੜਨ ਦਾ ਉਪਦੇਸ਼ ਦਿੰਦੀ ਹੈ।