- ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੂੰ ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ ਨਾਲ ਸਨਮਾਨ
ਲੁਧਿਆਣਾ, 7 ਅਗਸਤ : ਨੋਬਲ ਪੁਰਸਕਾਰ ਵਿਜੇਤਾ ਮਹਾਂਕਵੀ ਰਾਬਿੰਦਰ ਨਾਥ ਟੈਗੋਰ ਦੀ ਬਰਸੀ ਤੇ ਸ਼੍ਰੋਮਣੀ ਪੰਜਾਬੀ ਲੇਖਕ ਸੋਹਨ ਸਿੰਘ ਸੀਤਲ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਵਿੱਚ ਕੀਤਾ ਗਿਆ। ਇਸ ਸਮਾਗਮ ਦੇ ਉਦਘਾਟਨੀ ਸ਼ਬਦ ਬੋਲਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ 7 ਮਈ 1861 ਨੂੰ ਜਨਮੇ ਤੇ 7 ਅਗਸਤ 1941 ਨੂੰ ਦੁਨੀਆ ਤੋਂ ਵਿਦਾ ਹੋਏ ਇਸ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਰਵਿੰਦਰ ਨਾਥ ਟੈਗੋਰ ਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ। ਉਨ੍ਹਾਂ ਨੂੰ ਆਪਣੀ ਕਾਵਿ-ਪੁਸਤਕ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ। ਯੂਰਪ ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। ਟੈਗੋਰ ਨੇ ਮੁੱਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। 1869 ਵਿੱਚ 8 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਦੀਆਂ 12 ਪੁਸਤਕਾਂ ਦਾ ਸੈੱਟ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਮੇਰੀ ਪ੍ਰਧਾਨਗੀ ਵੇਲੇ ਪੁਨਰ ਪ੍ਰਕਾਸ਼ਿਤ ਕਰਕੇ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਵਿਖੇ 2012 ਵਿੱਚ ਲੋਕ ਅਰਪਨ ਕੀਤਾ ਗਿਆ। ਸਬੱਬ ਨਾਲ ਅੱਜ ਹੀ ਪੰਜਾਬੀ ਨਾਵਲਕਾਰ, ਇਤਿਹਾਸਕਾਰ, ਸ਼੍ਰੋਮਣੀ ਢਾਡੀ ਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਗਿਆਨੀ ਸੋਹਣ ਸਿੰਘ ਸੀਤਲ ਦਾ ਵੀ ਜਨਮ ਦਿਹਾੜਾ ਹੈ। ਸੀਤਲ ਸਾਹਿਬ ਦੇਸ਼ ਵੰਡ ਮਗਰੋਂ ਸਾਰੀ ਉਮਰ ਲੁਧਿਆਣਾ ਵਿੱਚ ਹੀ ਰਹੇ। ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ ਡਾਃ ਚਰਨ ਕਮਲ ਸਿੰਘ ਨੇ ਸਮਾਗਮ ਵਿੱਚ ਸ਼ਾਮਿਲ ਸੱਜਣਾਂ ਦਾ ਸੁਆਗਤ ਕਰਦਿਆਂ ਕਿਹਾ ਕਿ 11 ਸਾਲ ਦੀ ਉਮਰ ਵਿੱਚ ਟੈਗੋਰ ਆਪਣੇ ਪਿਤਾ ਮਹਾਰਿਸ਼ੀ ਦਵਿੰਦਰਨਾਥ ਨਾਲ 1873 ਵਿੱਚ ਅੰਮ੍ਰਿਤਸਰ ਆਇਆ। ਟੈਗੋਰ ਲਿਖਦਾ ਹੈ ਕਿ ਅੰਮ੍ਰਿਤਸਰ ਦਾ ਗੁਰ ਦਰਬਾਰ(ਹਰਿਮੰਦਰ ਸਾਹਿਬ) ਮੈਨੂੰ ਸੁਪਨੇ ਵਾਂਗ ਯਾਦ ਹੈ।ਕਈ ਦਿਨ ਆਪਣੇ ਪਿਤਾ ਨਾਲ ਇਥੇ ਮੈਂ ਹਰਿਮੰਦਰ ਸਾਹਿਬ ਵਿੱਚ ਜਾਂਦਾ ਰਿਹਾ। ਉਥੇ ਹਮੇਸ਼ਾ ਹੀ ਕੀਰਤਨ ਹੁੰਦਾ ਸੀ। ਮੇਰਾ ਪਿਤਾ ਇਨ੍ਹਾਂ ਪ੍ਰਾਰਥਨਾਵਾਂ ਵਿੱਚ ਸ਼ਾਮਲ ਹੁੰਦਾ ਸੀ ਤੇ ਸਿੱਖ ਪ੍ਰਾਰਥੀਆਂ ਨਾਲ ਗਾਇਨ ਵਿੱਚ ਗੁਣਗੁਣਾਉਂਦਾ ਵੀ ਸੀ।ਕਿਸੇ ਬਾਹਰਲੇ ਕੋਲੋਂ ਭਗਤੀ ਦੇ ਗਾਇਨ ਨੂੰ ਸੁਣ ਕੇ ਉਹ ਵੀ ਬਹੁਤ ਉਤਸ਼ਾਹਿਤ ਹੁੰਦੇ ਸੀ ਤੇ ਮੇਰੇ ਪਿਤਾ ਦਾ ਸਤਿਕਾਰ ਕਰਦੇ ਸੀ।ਟੈਗੋਰ ਲਿਖਦੇ ਹਨ ਕਿ ਇਕ ਵਾਰ ਰਾਗੀ ਸਿੰਘ ਸਾਡੇ ਘਰ ਕਲਕੱਤੇ ਵੀ ਆਏ ਤੇ ਸਾਨੂੰ ਗੁਰਬਾਣੀ ਗਾ ਕੇ ਸੁਣਾਈ। 1909 ਤੋਂ 1914 ਦੌਰਾਨ ਬਲਕਿ ਇਸ ਤੋਂਪਹਿਲਾਂ ਤੇ ਬਾਦ ਵਿੱਚ ਵੀ ਕਵੀ ਤੇ ਸੰਗੀਤਕਾਰ ਟੈਗੋਰ ਕਵੀ ਤੇ ਸੰਗੀਤਕਾਰ ਟੈਗੋਰ ਦੀਆਂ ਰਚਨਾਵਾਂ ਗੁਰੂ ਨਾਨਕ , ਕਬੀਰ ਤੇ ਕਈ ਹੋਰ ਸੰਤਾਂ ਤੋਂ ਪ੍ਰੇਰਿਤ ਹੋ ਕੇ ਰਚੀਆਂ ਹਨ। 21 ਸਾਲ ਦੀ ਉਮਰ ਵਿੱਚ ਉਨ੍ਹਾਂ ਇਕ ਬੰਗਾਲੀ ਬਾਲ ਰਸਾਲੇ ਬਾਲਕ ਵਿੱਚ ਗੁਰੂ ਨਾਨਕ ਦੇ ਸੱਚੇ ਸੌਦੇ ਦੀ ਕਥਾ ਬਾਰੇ ਲੇਖ ਲਿਖਿਆ।ਗੁਰੂ ਗੋਬਿੰਦ ਸਿੰਘ ਬਾਰੇ ਉਸ ਨੇ ਕਵਿਤਾਵਾਂ "ਗੋਬਿੰਦ ਗੁਰੂ" , "ਵੀਰ ਗੁਰੂ" ਅਤੇ ਬੰਦਾ ਸਿੰਘ ਬਹਾਦਰ ਬਾਰੇ "ਬੰਦੀ ਬੀਰ" ਬੰਗਾਲੀ ਵਿੱਚ ਰਚੀਆਂ।ਸਿੱਖ ਰਾਗੀਆਂ ਦੇ ਗੁਰੂ ਨਾਨਕ ਬਾਣੀ ਗਾਇਨ ਨੇ ਉਸ ਦੇ ਬਾਲ ਮਨ ਨੂੰ ਇਤਨਾ ਪ੍ਰਭਾਵਿਤ ਕੀਤਾ ਕਿ ਬਾਦ ਵਿੱਚ ਉਸ ਨੇ " ਗਗਨ ਮੈਂ ਥਾਲ" ਰਚਨਾ ਦਾ ਬੰਗਾਲੀ ਵਿੱਚ ਉਲਥਾ ਕੀਤਾ। ਇਸ ਮੌਕੇ ਬੋਲਦਿਆਂ ਮਾਲਵਾ ਸੱਭਿਆਚਾਰਕ ਮੰਚ ਦੇ ਚੇਅਰਮੈਨ ਕ ਕ ਬਾਵਾ ਨੇ ਕਿਹਾ ਕਿ ਭਾਰਤ ਦਾ ਕੌਮੀ ਗਾਨ ਲਿਖਣ ਵਾਲੇ ਰਾਸ਼ਟਰੀ ਕਵੀ ਰਾਬਿੰਦਰ ਨਾਥ ਟੈਗੋਰ ਜੀ ਨੂੰ ਮੇਰਾ ਸਲਾਮ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਇੱਕ ਪੰਜਾਬੀ ਕਵੀ ਨੂੰ ਰਾਬਿੰਦਰ ਨਾਥ ਟੈਗੋਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਦਾ ਆਰੰਭ ਇਸ ਸਾਲ ਤੋਂ ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੂੰ ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ ਨਾਲ ਸਨਮਾਨਤ ਕਰਕੇ ਕੀਤਾ ਜਾ ਰਿਹਾ ਹੈ। ਤ੍ਰੈਲੋਚਨ ਲੋਚੀ ਨੂੰ ਕ ਕ ਬਾਵਾ, ਪ੍ਰੋਃ ਗੁਰਭਜਨ ਸਿੰਘ ਗਿੱਲ,ਡਾਃ ਚਰਨ ਕੰਵਲ ਸਿੰਘ, ਮਨਦੀਪ ਕੌਰ ਭਮਰਾ, ਨਾਜ਼ਿਮਾ ਬਾਲੀ,ਜਰਨੈਲ ਸਿੰਘ ਤੂਰ ਤੇ ਬਾਦਲ ਸਿੰਘ ਸਿੱਧੂ ਨੇ ਰਾਬਿੰਦਰ ਨਾਥ ਟੈਗੋਰ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤ੍ਰੈਲੋਚਨ ਲੋਚੀ ਨੇ ਟੈਗੋਰ ਰਚਨਾਵਲੀ ਵਿੱਚੋਂ ਕੁਝ ਗੀਤ ਗਾ ਕੇ ਸੁਣਾਏ। ਪੰਜਾਬੀ ਕਵਿੱਤਰੀ ਮਨਦੀਪ ਕੌਰ ਭਮਰਾ ਨੇ ਵੀ ਇਸ ਮੌਕੇ ਇਸ਼ ੀਚ ਮਿਊਜ਼ਿਕ ਇੰਸਟੀਚਿਊਟ ਤੇ ਮਾਲਵਾ ਸੱਭਿਆਚਾਰ ਮੰਚ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਨੇ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਕੇ ਮਹਾਂਕਵੀ ਟੈਗੋਰ ਤੇ ਗਿਆਨੀ ਸੋਹਣ ਸਿੰਘ ਸੀਤਲ ਜੀ ਨੂੰ ਸ਼ਰਧਾ ਸੁਮਨ ਭੇਂਟ ਕੀਤੇ ਹਨ। ਇਸ ਮੌਕੇ ਜਰਨੈਲ ਸਿੰਘ ਤੂਰ, ਬਾਦਲ ਸਿੰਘ ਸਿੱਧੂ, ਅਰਜੁਨ ਬਾਵਾ, ਨਾਜ਼ਿਮਾ ਬਾਲੀ ਡੀਨ(ਸਰਗਰਮੀਆਂ) ਸਰਬਜੀਤ ਸਿੰਘ, ਸਾਹਿਲ ਤੇ ਕਈ ਹੋਰ ਮਹੱਤਵਪੂਰਨ ਵਿਅਕਤੀ ਹਾਜ਼ਰ ਸਨ। ਸਮਾਗਮ ਵਿੱਚ ਹਾਜ਼ਰ ਵਿਅਕਤੀਆਂ ਨੇ ਉੱਘੇ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।