
- ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਲਹਿਰਾਉਣਗੇ ਕੌਮੀ ਝੰਡਾ
- ਫੁੱਲ ਡਰੈੱਸ ਰਿਹਰਸਲ ਦੌਰਾਨ ਮਾਰਚ ਪਾਸਟ, ਸੱਭਿਆਚਾਰਕ ਪੇਸ਼ਕਾਰੀਆਂ ਹੋਈਆਂ
ਬਰਨਾਲਾ, 24 ਜਨਵਰੀ 2025 : ਗਣਤੰਤਰ ਦਿਵਸ ਸਮਾਗਮ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ, ਪੰਜਾਬ ਡਾ. ਬਲਜੀਤ ਕੌਰ ਬਰਨਾਲਾ ‘ਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਹ ਜਾਣਕਾਰੀ ਗਣਤੰਤਰ ਦਿਵਸ ਸਬੰਧੀ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਏ ਜਾਣ ਵਾਲੇ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦਿੱਤੀ। ਅੱਜ ਦੀ ਰਿਹਰਸਲ ਮੌਕੇ ਉਨ੍ਹਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਐੱਸਐੱਸਪੀ ਸ੍ਰੀ ਸੰਦੀਪ ਮਲਿਕ ਵੀ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਨੇ ਪਰੇਡ ਦਾ ਨਿਰੀਖਣ ਕੀਤਾ ਜਿਸ ਦੀ ਅਗਵਾਈ ਪਰੇਡ ਕਮਾਂਡਰ ਡੀਐੱਸਪੀ ਸਤਬੀਰ ਸਿੰਘ ਨੇ ਕੀਤੀ। ਇਸ ਮੌਕੇ ਪੰਜਾਬ ਪੁਲਿਸ ਅਤੇ ਐਨ ਸੀ ਸੀ ਟੁਕੜੀਆਂ ਨੇ ਸ਼ਾਨਦਾਰ ਮਾਰਚ ਪਾਸਟ ‘ਚ ਭਾਗ ਲਿਆ। ਇਸ ਮਗਰੋਂ ਵੱਖ ਵੱਖ ਸਕੂਲਾਂ ਵਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮਗਰੋਂ ਡਿਪਟੀ ਕਮਿਸ਼ਨਰ ਨੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਸੁਰੱਖਿਆ, ਪਾਰਕਿੰਗ, ਸਮਾਗਮ ‘ਚ ਭਾਗ ਲੈਣ ਵਾਲਿਆਂ ਲਈ ਪਾਣੀ ਦਾ ਪ੍ਰਬੰਧ, ਰਿਫਰੈਸ਼ਮੈਂਟ, ਆਰਜ਼ੀ ਟਾਇਲਟ ਆਦਿ ਸਬੰਧੀ ਕੰਮ ਮੁਕੰਮਲ ਕਰ ਲਏ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸਤਵੰਤ ਸਿੰਘ, ਐੱਸ ਪੀ (ਐਚ) ਸ੍ਰੀ ਸੌਰਭ ਜਿੰਦਲ, ਐੱਸ ਡੀ ਐਮ ਬਰਨਾਲਾ ਸ. ਗੁਰਬੀਰ ਸਿੰਘ ਕੋਹਲੀ, ਐੱਸ ਡੀ ਐਮ ਤਪਾ ਅਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਰਿਸ਼ਭ ਬਾਂਸਲ ਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।