- 5 ਅਗਸਤ ਤੱਕ ਕਰਵਾਈ ਜਾ ਸਕਦੀ ਰਜਿਸਟ੍ਰੇਸ਼ਨ-ਜ਼ਿਲ੍ਹਾ ਰੋਜ਼ਗਾਰ ਅਫ਼ਸਰ
ਮੋਗਾ, 26 ਜੁਲਾਈ 2024 : ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਵਿਖੇ ਮੁਫ਼ਤ ਸਟੈਨੋਗ੍ਰਾਫ਼ੀ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ। ਮੁਫ਼ਤ ਕੋਰਸ ਦਾ ਲਾਹਾ ਲੈਣ ਲਈ ਪ੍ਰਾਰਥੀ 5 ਅਗਸਤ, 2024 ਤੱਕ ਅਪਲਾਈ ਕਰ ਸਕਦੇ ਹਨ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਬੀ.ਏ. ਪਾਸ ਪ੍ਰਾਰਥੀ ਜੋ ਸਟੈਨੋਗ੍ਰਾਫੀ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਦਫ਼ਤਰ ਵਿਖੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਬਿਊਰੋ ਵਿਖੇ 30 ਵਿਦਿਆਰਥੀਆਂ ਨੂੰ ਮੁਫ਼ਤ ਸਟੈਨੋਗ੍ਰਾਫੀ ਦਾ ਕੋਰਸ ਕਰਵਾਇਆ ਗਿਆ ਸੀ ਜੋ ਕਿ ਸਫਲਤਾ ਪੂਰਵਕ ਸੰਪੰਨ ਹੋ ਚੁੱਕਾ ਹੈ, ਹੁਣ ਸਟੈਨੋਗ੍ਰਾਫੀ ਦਾ ਦੂਸਰਾ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ। ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰਾਰਥੀ ਆਪਣੀ ਪੜ੍ਹਾਈ ਦੇ ਸਰਟੀਫਿਕੇਟ ਜਿਵੇਂ ਕਿ ਦਸਵੀਂ, ਬਾਰਵੀਂ, ਗਰੈਜੂਏਸ਼ਨ, ਅਧਾਰ ਕਾਰਡ ਸਾਰੇ ਅਸਲ ਸਰਟੀਫਿਕੇਟ ਸਮੇਤ ਫੋਟੋ ਸਟੇਟ ਕਾਪੀ, ਪਾਸਪੋਰਟ ਸਾਇਜ਼ ਫੋਟੋ ਨਾਲ ਲੈ ਕੇ ਜ਼ਿਲ੍ਹਾ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ ਮੋਗਾ ਵਿਖੇ ਪਹੁੰਚ ਸਕਦੇ ਹਨ। ਇਸ ਕੋਰਸ ਲਈ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਦੇ ਸਹਾਇਤਾ ਨੰਬਰ 62392-66860 ਤੇ ਸੰਪਰਕ ਕੀਤਾ ਜਾ ਸਕਦਾ ਹੈ।