ਰਾਏਕੋਟ, 06 ਮਾਰਚ (ਚਮਕੌਰ ਸਿੰਘ ਦਿਓਲ) : ਲੁਧਿਆਣਾ-ਬਠਿੰਡਾ ਰਾਜਮਾਰਗ ਤੋਂ ਪਿੰਡ ਗੋਂਦਵਾਲ ਕੋਲ ਹੋਏ ਇੱਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ, ਜਿੰਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਕੁੱਲ ਛੇ ਨੌਜਵਾਨ ਜੋ ਕਿ ਤਿੰਨ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਹੋਲਾ ਮਹੱਲਾ ਸਮਾਗਮ ’ਚ ਸ਼ਾਮਲ ਹੋਣ ਲਈ ਅਨੰਦਪੁਰ ਸਾਹਿਬ ਦੀ ਤਰਫ਼ ਜਾ ਰਹੇ ਸਨ, ਜਦ ਉਹ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਤੋਂ ਮੱਥਾ ਟੇਕ ਕੇ ਰਾਏਕੋਟ ਤੋਂ ਲੁਧਿਆਣੇ ਵੱਲ੍ਹ ਜਾਂਦੇ ਰੋਡ ਤੇ ਜਾ ਰਹੇ ਸਨ ਤਾਂ ਪਿੰਡ ਗੋਂਦਵਾਲ ਨੇੜੇ ਇੱਕ ਬੇਕਾਬੂ ਸਕਾਰਪਿਓ ਕਾਰ ਨੰਬਰ-ਐਚ.ਆਰ26ਏਸੀ-5490 ਨੇ ਤਿੰਨੇ ਮੋਟਰਸਾਈਕਲਾਂ ਤੇ ਸਵਾਰ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਟੱਕਰ ਕਾਫ਼ੀ ਜੋਰਦਾਰ ਸੀ, ਜਿਸ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਕਾਫੀ ਸੱਟਾਂ ਲੱਗੀਆਂ ਜਿੰਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਰਾਏਕੋਟ ਦੇ ਵੱਖ ਵੱਖ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ। ਹਾਦਸੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਜ਼ਖ਼ਮੀ ਹੋਏ ਨੌਜਵਾਨਾਂ ਵਿੱਚੋਂ ਚਾਰ ਨੌਜਵਾਨਾਂ ਦੀ ਸ਼ਿਨਾਖ਼ਤ ਹੋਈ ਹੈ, ਜਦਕਿ ਦੋ ਨੌਜਵਾਨਾਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਸੂਚਨਾਂ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀ ਹੋਏ ਨੌਜਵਾਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਰੈਫ਼ਰ ਕੀਤੇ ਗਏ ਜ਼ਖਮੀ ਨੌਜਵਾਨਾਂ ਵਿੱਚ ਮਨਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਦਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ, ਬਿਸ਼ਨ ਸਿੰਘ ਪੁੱਤਰ ਸੁੱਖਾ ਸਿੰਘ ਅਤੇ ਰੌਸ਼ਨ ਸਿੰਘ ਪੁੱਤਰ ਧੰਨਾ ਸਿੰਘ ਦੇ ਨਾਮ ਸ਼ਾਮਲ ਹਨ, ਜੋ ਕਿ ਮਾਨਾਵਾਲਾਂ ਜ਼ਿਲ੍ਹਾ ਅਮਿ੍ਰਤਸਰ ਦੇ ਦੱਸੇ ਜਾ ਰਹੇ ਹਨ। ਜਾਂਚ ਅਧਿਕਾਰੀ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ