ਨੰਗਲ, 13 ਅਗਸਤ : ਹਿਮਾਚਲ ਪ੍ਰਦੇਸ਼ ਦੇ ਪਹਾੜਾਂ 'ਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1671 ਫੁੱਟ ’ਤੇ ਪਹੁੰਚ ਗਿਆ ਹੈ। ਪਾਣੀ ਦਾ ਇਹ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 9 ਫੁੱਟ ਦੀ ਦੂਰੀ ’ਤੇ ਹੈ। ਇਸ ਦੇ ਮੱਦੇਨਜਰ ਮੈਨੇਜ਼ਮੈਂਟ ਵੱਲੋਂ ਅੱਜ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਨਿਕਾਸ ਵਧਾ ਦਿੱਤਾ ਹੈ। ਜ਼ਿਆਦਾ ਪਾਣੀ ਛੱਡਣ ਕਾਰਨ ਨਾਲ ਲੱਗਦੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਪਹਿਲਾਂ 19,400 ਕਿਊਸਿਕ ਪਾਣੀ ਛੱਡਿਆ ਜਾਂਦਾ ਸੀ, ਹੁਣ ਨੰਗਲ ਡੈਮ ਰਾਹੀਂ 27,500 ਕਿਊਸਿਕ ਪਾਣੀ ਛੱਡਿਆ ਜਾਵੇਗਾ।ਬੀਤੇ ਦਿਨ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 11 ਫੁੱਟ ਹੇਠਾਂ ਸੀ ਅਤੇ 1669 ਫੁੱਟ ਦੇ ਨੇੜੇ ਪਹੁੰਚ ਗਿਆ ਸੀ।