- ਟੀਕਾਕਰਨ ਤੋ ਵਾਂਝੇ ਪੰਜ ਸਾਲ ਦੀ ਉਮਰ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਦੀ ਵੈਕਸੀਨੇਸ਼ਨ ਯਕੀਨੀ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ
ਲੁਧਿਆਣਾ, 05 ਸਤੰਬਰ : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹੇ ਭਰ ਵਿਚ ਵਿਸ਼ੇਸ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਸਥਾਨਕ ਬੱਚਤ ਭਵਨ ਵਿਖੇ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਉਚ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਇੰਟੈਸੀਫਾਈਡ ਮਿਸ਼ਨ ਇੰਦਰ ਧਨੁੱਛ ਅਤੇ ਮੀਜਲ, ਰੁਬੇਲਾ, ਇਲੀਮੀਨੇਸ਼ਨ ਮੁਹਿੰਮ 2023 ਸਬੰਧੀ ਜਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ। ਜਿਲ੍ਹਾ ਟੀਕਾਕਰਨ ਅਫਸਰ ਡਾ. ਮਨੀਸ਼ਾ ਖੰਨਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕੇ ਜ਼ਿਲ੍ਹੇ ਭਰ ਵਿੱਚ ਸਿਵਲ ਸਰਜਨ ਡਾ. ਹਿਤਿੰਦਰ ਕੌਰ ਦੀ ਅਗਵਾਈ ਹੇਠ ਟੀਕਾਕਰਨ ਤੋ ਵਾਂਝੇ ਰਹਿ ਗਏ ਪੰਜ ਸਾਲ ਦੀ ਉਮਰ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਯਕੀਨੀ ਬਣਾਉਣ ਲਈ ਇੰਟੈਸੀਫਾਈਡ ਮਿਸ਼ਨ ਇੰਦਰ ਧਨੁੱਛ ਚਲਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਕਾਰਨ ਵੈਕਸੀਨੇਸ਼ਨ ਤੋਂ ਰਹਿੰਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਪੂਰਨ ਕੀਤਾ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਮਿਸ਼ਨ ਇੰਦਰ ਧਨੁੱਛ ਦਾ ਪਹਿਲਾ ਰਾਊਡ 11 ਤੋ 16 ਸਤੰਬਰ ਤੱਕ, ਦੂਜਾ ਰਾਊਡ 9 ਤੋ 14 ਅਕਤੂਬਰ ਅਤੇ ਤੀਜਾ ਰਾਊਡ 20 ਤੋ 25 ਨਵੰਬਰ ਤੱਕ ਚਲਾਇਆ ਜਾ ਰਿਹਾ ਹੈ। ਜਿਲ੍ਹਾ ਟੀਕਾਕਰਨ ਅਫਸਰ ਡਾ. ਮਨੀਸ਼ਾ ਖੰਨਾ ਵਲੋਂ ਇਸ ਮੌਕੇ ਪੋਸਟਰ ਜਾਰੀ ਕਰਦੇ ਹੋਏ ਆਮ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਸਾਰੇ ਕੰਮ ਛੱਡ ਕੇ ਪਹਿਲਾ ਆਪਣੇ ਪੰਜ ਸਾਲ ਦੇ ਬੱਚਿਆਂ ਨੂੰ ਬਿਮਾਰੀਆਂ ਤੋ ਬਚਾਉਣ ਲਈ ਟੀਕਾਕਰਨ ਜਰੂਰ ਕਰਵਾਉਣ। ਜ਼ਿਲ੍ਹੇ ਵਿਚ ਮੀਜਲ ਅਤੇ ਰੁਬੇਲਾ ਟੀਕਾਕਰਨ ਲਈ ਵਿਸ਼ੇ਼ਸ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸਾਲ 2023 ਦੌਰਾਨ ਮੀਜਲ ਅਤੇ ਰੁਬੇਲਾ ਦਾ ਪੂਰਨ ਰੂਪ ਵਿਚ ਖਾਤਮਾ ਹੋ ਸਕੇ। ਇਸ ਸਬੰਧੀ ਹਾਈ ਰਿਸਕ ਖੇਤਰਾਂ ਵਿਚ ਵਿਸ਼ੇਸ ਤੌਰ 'ਤੇ ਸਰਵੇ ਕਰਨ ਦੇ ਨਾਲ-ਨਾਲ ਵਿਸ਼ੇਸ ਟੀਕਾਕਰਨ ਕੈਪ ਲਾਏ ਜਾ ਰਹੇ ਹਨ। ਇਸ ਮਿਸ਼ਨ ਦੀ ਸਫਲਤਾ ਲਈ ਉਨਾਂ ਵੱਖ-ਵੱਖ ਸਬੰਧਤ ਵਿਭਾਗਾਂ ਤੋ ਸਹਿਯੋਗ ਦੀ ਵੀ ਮੰਗ ਕੀਤੀ।