ਜਗਰਾਉਂ, 8 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਮਹਿਫ਼ਿਲ-ਏ-ਅਦੀਬ ਸੰਸਥਾ ਜਗਰਾਉਂ ਦੀ ਨਵੇਂ ਵਰੇ੍ਹ ਦੀ ਪਹਿਲੀ ਇਕੱਤਰਤ ਬੈਲਜ਼ੀਅਮ ਹਾਊਸ ਜਗਰਾਉਂ ਵਿਖੇ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਵਿਚ ਸਮੂਹ ਅਦੀਬਾਂ ਨੇ ਸਮੂਲੀਅਤ ਕੀਤੀ। ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਨੇ ਸਭ ਤੋਂ ਪਹਿਲਾਂ ਸਮੂਹ ਅਦੀਬਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਨਵੇਂ ਆਏ ਅਦੀਬਾਂ ਨੂੰ ਜੀ ਆਇਆਂ ਕਿਹਾ। ਰਚਨਾਵਾਂ ਦੇ ਦੌਰ ਦੌਰਾਨ ਜਨਰਲ ਸਕੱਤਰ ਜਸਵਿੰਦਰ ਸਿੰਘ ਛਿੰਦਾ ਨੇ ਸ਼ਾਇਰ ਮਹਿੰਦਰ ਸੰਧੂ ਨੂੰ ਸੱਦਾ ਦਿੱਤਾ ਜਿਸ ਨੇ ਕਾਵਿ ਵਿਅੰਗ ‘ਜੇ ਕਿਧਰੇ ਮੈਂ ਕੁੱਤਾ ਹੁੰਦਾ’ ਸੁਣਾ ਕੇ ਮਤਲਬਪ੍ਰਸਤ ਇਨਸਾਨੀਅਤ ਦਾ ਚਿਹਰਾ ਮੋਹਰਾ ਪੇਸ਼ ਕੀਤਾ। ਜਗਦੀਸ਼ਪਾਲ ਮਹਿਤਾ ਨੇ ਗੀਤ ‘ਰੱਖੀਂ ਸੁੱਖ ਸਾਂਦ ਰੱਬਾ’ ਰਾਹੀਂ ਸਰਬੱਤ ਦੇ ਭਲੇ ਲਈ ਦੁਆ ਕੀਤੀ। ਬੇਬੀ ਪ੍ਰਭਨੂਰ ਕੌਰ ਨੇ ‘ਪੰਛੀ ਇਹ ਪੰਛੀ’ ਕਵਿਤਾ ਰਾਹੀਂ ਪੰਛੀਆਂ ਦੀ ਦੁਨੀਆਂ ਦੀ ਗੱਲ ਕੀਤੀ। ਬੇਬੀ ਸਿਮਰਨ ਕੌਰ ਨੇ ਦੀਪ ਲੁਧਿਆਣਵੀ ਦਾ ਲਿਖਿਆ ਗੀਤ ‘ਮੈਨੂੰ ਕੁੱਖ ’ਚ ਨਾ ਮਾਰੀ ਮੇਰੀ ਮਾਂ’ ਰਾਹੀਂ ਅਣਜੰਮੀ ਧੀ ਦਾ ਦਰਦ ਬਿਆਨ ਕੀਤਾ। ਡਾ. ਬਲਦੇਵ ਸਿੰਘ ਨੇ ਪੂੰਜੀਵਾਦੀ ਦੈਂਤ ਦੀ ਅਸਲੀਅਤ ਬਿਆਨ ਕਰਦੀ ਆਪਣੀ ਕਵਿਤਾ ਨਾਲ ਹਾਜ਼ਰੀ ਲਵਾਈ। ਅਵਤਾਰ ਸਿੰਘ ਭੁੱਲਰ ਨੇ ‘ਜਵਾਨੀ ਨੂੰ ਸੰਦੇਸ਼’ ਨਜ਼ਮ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਪ੍ਰੇਰਨਾ ਦਿੱਤੀ। ਸ਼ਾਇਰਾ ਦੀਪ ਲੁਧਿਆਣਵੀ ਨੇ ‘ਦੁਨੀਆਂ ਭਲੇ ਤੇ ਬੁਰੇ ਦੀ ਵਿਚਾਰ ਕਰਨਾ ਭੁੱਲ ਗਈ’ ਗੀਤ ਰਾਹੀਂ ਇਨਸਾਨ ਦੀ ਸਮਾਜਿਕ ਮਨੋਦਸ਼ਾ ਨੂੰ ਬਿਆਨ ਕੀਤਾ। ਜਸਵਿੰਦਰ ਸਿੰਘ ਛਿੰਦਾ ਨੇ ਆਪਣੀ ਕਹਾਣੀ ‘ਵੀਰ ਚੱਕਰ’ ਰਾਹੀਂ ਸ਼ਹੀਦ ਫੌਜੀ ਦੇ ਪਰਿਵਾਰ ਦੇ ਹਾਲਾਤਾਂ ਨੂੰ ਚਿਤਰਿਆ। ਇਸ ਮੌਕੇ ਕੁਲਦੀਪ ਕੌਰ ਖਹਿਰਾ, ਰਣਜੀਤ ਸਿੰਘ ਡੀ. ਈ. ਓ., ਗੁਰਚਰਨ ਸਿੰਘ ਡੀ. ਐਸ. ਪੀ., ਪਰਮਜੀਤ ਸਿੰਘ ਖਹਿਰਾ, ਮਨੀ, ਰਾਜਿੰਦਰ ਗਿੱਲ ਨੇ ਵੀ ਆਪਣੇ ਕੀਮਤੀ ਵਿਚਾਰਾਂ ਨਾਲ ਹਾਜ਼ਰੀ ਲਵਾਈ। ਆiਖ਼ਰ ’ਚ ਪ੍ਰਧਾਨ ਕੈਪਟਨ ਪੂਰਨ ਸਿੰਘ ਗਗੜਾ ਨੇ ਆਪਣੀ ਕਵਿਤਾ ‘ਨਵਾਂ ਸਾਲ ਮੁਬਾਰਕ ਅਤੇ ਪਾਬੰਦੀ ਲੱਗੇ ਨਸ਼ਿਆਂ ਉਪਰ’ ਰਾਹੀਂ ਸਮਾਜਿਕ ਕੁਰੀਤੀਆਂ ਤੋਂ ਪਰਦਾ ਉਠਾਇਆ ਅਤੇ ਆਏ ਸਮੂਹ ਅਦੀਬਾਂ ਦਾ ਧੰਨਵਾਦ ਕੀਤਾ।