ਲੁਧਿਆਣਾ (ਰਘਵੀਰ ਸਿੰਘ ਚੋਪੜਾ) : ਸਾਈਕਲਿੰਗ ਖੇਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਅਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਤੇ ਖੇਡ ਵਿਭਾਗ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਸਾਂਝੇ ਉੱਦਮ ਨਾਲ ਪਹਿਲੀ ਖੇਲੋ ਇੰਡੀਆ ਮਹਿਲਾ ਰੋਡ ਸਾਈਕਲਿੰਗ ਲੀਗ ਜ਼ੋਨ 1 ਦਾ ਆਯੋਜਨ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਾਰਾਜਾ ਰਣਜੀਤ ਸਿੰਘ ਅਵਾਰਡੀ ਤੇ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਮੀਡੀਆ ਇੰਚਾਰਜ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਲੀਗ ਦਾ ਮੁੱਖ ਮਕਸਦ ਭਾਰਤ ਵਿੱਚ ਲੜਕੀਆਂ ਨੂੰ ਸਾਈਕਲਿੰਗ ਖੇਡ ਪ੍ਰਤੀ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਮਹਿਲਾ ਰੋਡ ਅਤੇ ਟਰੈਕ ਸਾਈਕਲਿੰਗ ਲੀਗ ਵਿੱਚ ਵੱਖ ਵੱਖ ਰਾਜਾਂ ਦੇ ਚਾਰ ਜ਼ੋਨ ਬਣਾਏ ਗਏ ਹਨ।ਪਹਿਲੇ ਜ਼ੋਨ ਵਿਚ 8 ਰਾਜ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਵਿੱਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਚੰਡੀਗੜ੍ਹ, ਲੱਦਾਖ ਤੇ ਦਿੱਲੀ ਹਨ।ਖੇਲੋ ਇੰਡੀਆ ਮਹਿਲਾ ਰੋਡ ਸਾਈਕਲਿੰਗ ਲੀਗ ਦੇ ਪਹਿਲੇ ਜ਼ੋਨ ਵਿਚ ਲੁਧਿਆਣਾ, ਕੁਰੂਕਸ਼ੇਤਰ ਅਤੇ ਚੰਡੀਗੜ੍ਹ ਵਿਖੇ ਖੇਡ ਮੁਕਾਬਲੇ ਹੋਣਗੇ।ਉਨ੍ਹਾਂ ਦੱਸਿਆ ਕਿ ਮਹਿਲਾ ਰੋਡ ਸਾਈਕਲਿੰਗ ਲੀਗ ਮੁਕਾਬਲਿਆਂ ਨਾਲ ਸਾਈਕਲਿੰਗ ਖੇਡ ਪ੍ਰਤੀ ਆਮ ਲੋਕਾਂ ਦਾ ਰੁਝਾਨ ਵਧੇਗਾ, ਉੱਥੇ ਹੀ ਦੇਸ਼ ਵਿਚ ਮਹਿਲਾਵਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲੇਗਾ।ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਜੁਆਇੰਟ ਸਕੱਤਰ ਤੇ ਆਰਗੇਨਾਈਜ਼ਰ ਕਮੇਟੀ ਮੈਂਬਰ ਨੀਰਜ ਤੰਵਰ ਨੇ ਕਿਹਾ ਕਿ ਪਹਿਲੀ ਖੇਲੋ ਇੰਡੀਆ ਮਹਿਲਾ ਰੋਡ ਸਾਈਕਲਿੰਗ ਲੀਗ 12 ਨਵੰਬਰ ਤੇ 13 ਨਵੰਬਰ 2022 ਤੋਂ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਦੇ ਰੋਡ ਉੱਪਰ ਸੀਨੀਅਰ ਵਰਗ, ਜੂਨੀਅਰ ਵਰਗ ਅਤੇ ਸਬ ਜੂਨੀਅਰ ਵਰਗ ਦੀਆਂ ਮਹਿਲਾ ਸਾਈਕਲਿਸਟ ਭਾਗ ਲੈਣਗੀਆਂ। ਖੇਲੋ ਇੰਡੀਆ ਮਹਿਲਾ ਰੋਡ ਸਾਈਕਲਿੰਗ ਲੀਗ ਮੁਕਾਬਲੇ ਵਿੱਚ ਵਿਅਕਤੀਗਤ ਰੋਡ ਮਾਸ ਸਟਾਰਟ ਤੇ ਵਿਅਕਤੀਗਤ ਟਾਈਮ ਟਰਾਇਲ ਈਵੈਂਟ ਹੋਣਗੇ।ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਆਰਗੇਨਾਈਜ਼ਰ ਕਮੇਟੀ ਮੈਂਬਰ ਸਤਵਿੰਦਰ ਸਿੰਘ ਨੇ ਕਿਹਾ ਕਿ ਖੇਲੋ ਇੰਡੀਆ ਮਹਿਲਾ ਰੋਡ ਸਾਈਕਲਿੰਗ ਲੀਗ ‘ਚ ਜੇਤੂ ਮਹਿਲਾ ਸਾਈਕਲਿਸਟਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ।ਖੇਲੋ ਇੰਡੀਆ ਮਹਿਲਾ ਰੋਡ ਸਾਈਕਲਿੰਗ ਲੀਗ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਹਿਲਾ ਸਾਈਕਲਿਸਟ ਵੀ ਭਾਗ ਲੈ ਰਹੇ ਹਨ।ਉਨ੍ਹਾਂ ਦੱਸਿਆ ਕਿ ਪਹਿਲੀ ਜ਼ੋਨ ਲੀਗ ਵਿਚ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਵੱਲੋਂ 6 ਮੈਂਬਰੀ ਆਰਗੇਨਾਈਜ਼ਰ ਕਮੇਟੀ ਦਾ ਗਠਨ ਕੀਤਾ ਗਿਆ ਇਸ ਕਮੇਟੀ ਵਿੱਚ ਵੀ.ਐਨ ਸਿੰਘ(ਅਸਿਸਟੈਂਟ ਸੈਕਟਰੀ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ),ਨੀਰਜ ਤੰਵਰ (ਜਨਰਲ ਸਕੱਤਰ ਹਰਿਆਣਾ ਸਾਈਕਲਿੰਗ ਐਸੋਸੀਏਸ਼ਨ), ਜਗਦੀਪ ਸਿੰਘ ਕਾਹਲੋਂ (ਮਹਾਰਾਜਾ ਰਣਜੀਤ ਸਿੰਘ ਐਵਾਰਡੀ,ਮੈਂਬਰ ਵੁਮੈਨ ਕਮਿਸ਼ਨ ਸੀ.ਐਫ.ਆਈ), ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਦੇ ਆਰਗੇਨਾਈਜ਼ਰ ਕਮੇਟੀ ਮੈਂਬਰ ਸਤਵਿੰਦਰ ਸਿੰਘ ਵਿੱਕੀ, ਡਾ ਗੁਰਮੀਤ ਸਿੰਘ, ਰੋਹਿਤ ਕੁਮਾਰ ਤੇ 9 ਮੈਂਬਰੀ ਤਕਨੀਕੀ ਅਧਿਕਾਰੀਆਂ ਦੀ ਟੀਮ ਸਾਈਕਲਿੰਗ ਫੈਡਰੇਸ਼ਨ ਆਫ਼ ਇੰਡੀਆ ਅਤੇ ਸਪੋਰਟਸ ਅਥਾਰਿਟੀ ਆਫ਼ ਇੰਡੀਆ ਵਲੋ ਈਵੈਂਟ ਕਰਵਾਉਣ ਲਈ ਨਿਯੁਕਤ ਕੀਤਾ ਗਿਆ ਹੈ।