ਫਰੀਦਕੋਟ 11 ਅਕਤੂਬਰ : ਬਲਾਕ ਕੋਟਕਪੂਰਾ ਦੇ ਪਿੰਡ ਰਣ ਸਿੰਘ ਵਾਲਾ ਦੇ ਅਗਾਹ ਵਧੂ ਕਿਸਾਨ ਸ਼੍ਰੀ ਵਿਸ਼ਵਿੰਦਰ ਸਿੰਘ ਨੇ ਪਿਛਲੇ ਲੰਮੇ ਸਮੇਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਦੂਸਰੇ ਕਿਸਾਨਾਂ ਨੂੰ ਮਿਸਾਲ ਬਣ ਕੇ ਸੁਚੰਜਾ ਪਰਾਲੀ ਪ੍ਰਬੰਧਨ ਸਬੰਧੀ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰਕੇ ਸਫਲ ਕਿਸਾਨ ਵੱਜੋ ਉਭਰ ਰਿਹਾ ਹੈ। ਕਿਸਾਨ ਵਿਸ਼ਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋ ਆਪਣੀ 30 ਏਕੜ ਜ਼ਮੀਨ ਵਿੱਚ ਝੋਨਾ/ਬਾਸਮੀ, ਕਣਕ ਤੇ ਬਾਗਬਾਨੀ ਜਿਵੇਂ ਫਲਦਾਰ ਬੂਟਿਆਂ ਦੀ ਖੇਤੀ ਕਰਦਾ ਆ ਰਿਹਾ ਹੈ ਅਤੇ ਕਿਸਾਨ ਵੱਲੋ ਪਰਾਲੀ ਨੂੰ ਅੱਗ ਨਾ ਲਾ ਕੇ ਇਸਨੂੰ ਖੇਤ ਵਿੱਚ ਹੀ ਮੈਨੇਜ਼ ਕੀਤਾ ਜਾਂਦਾ ਹੈ। ਕਿਸਾਨ ਦੁਆਰਾ ਪਿਛਲੇ ਕਈ ਸਾਲਾਂ ਤੋ ਵੱਖ ਵੱਖ ਤਕਨੀਕਾਂ ਨਾਲ ਪਰਾਲੀ ਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਜਿਵੇਂ ਹੈਪੀ ਸੀਡਰ, ਸੁਪਰ ਸੀਡਰ, ਜੀਰੋ ਡਰਿੱਲ, ਪਰਾਲੀ ਦੀਆਂ ਗੱਠਾਂ ਬਣਾ ਕੇ ਜਾਂ ਫਿਰ ਮਲਚਿੰਗ ਵਿਧੀ ਦੁਆਰਾ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਕਿਸਾਨ ਦੁਆਰਾ ਖੇਤੀਬਾੜੀ ਵਿਭਾਗ ਵੱਲੋ ਸ਼ਿਫਾਰਸ਼ ਕੀਤੀਆਂ ਖਾਦਾਂ, ਜ਼ਹਿਰਾਂ ਦੀ ਵਰਤੋ ਕੀਤੀ ਜਾਂਦੀ ਹੈ। ਇਸ ਤਰ੍ਹਾਂ ਕਿਸਾਨ ਆਪਣੀ ਹਾੜ੍ਹੀ/ਸਾਉਣੀ ਸੀਜਨ ਵਿੱਚ ਫਸਲਾਂ ਉਪਰ ਬਹੁਤ ਘੱਟ ਖਰਚਾ ਕਰਕੇ ਵੱਧ ਝਾੜ ਤੇ ਮੁਨਾਫਾ ਪ੍ਰਾਪਤ ਕਰ ਰਿਹਾ ਹੈ। ਇਸ ਨਾਲ ਕਿਸਾਨ ਵੱਲੋ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿੱਚ ਸਫਲ ਹੋਇਆ ਹੈ। ਇਸ ਦੇ ਨਾਲ-ਨਾਲ ਕਿਸਾਨ ਨੇ ਆਪਣੀ ਜਮੀਨ ਵਿੱਚੋ 1 ਏਕੜ ਕਿੰਨੂ, ਨਿੰਬੂ ਦਾ ਬਾਗ ਵੀ ਲਗਾਇਆ ਹੈ ਅਤੇ ਜ਼ਮੀਨ ਵਿੱਚ ਪਾਪੂਲਰ ਵੀ ਲਗਾਏ ਹਨ। ਬਲਾਕ ਖੇਤੀਬਾੜੀ ਅਫਸਰ ਡਾ.ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਵਿਸ਼ਵਿੰਦਰ ਸਿੰਘ ਨੂੰ ਵੱਖ-ਵੱਖ ਕਿਸਾਨ ਮੇਲਿਆਂ ਦੌਰਾਨ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਇਹ ਕਿਸਾਨ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ। ਇਸ ਮੋਕੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨ ਵਿਸ਼ਵਿੰਦਰ ਸਿੰਘ ਦੀ ਤਰਾ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿਦ ਖੂੰਦ ਨੂੰ ਅੱਗ ਨਾ ਲਗਾਉਣ ਤਾ ਜ਼ੋ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ।