- ਕਿਹਾ, ਪਰਾਲੀ ਨੂੰ ਸਾੜਨ ਨਾਲ ਹੁੰਦੇ ਨੇ ਅਨੇਕਾ ਨੁਕਸਾਨ, ਨਾ ਲਗਾਈ ਜਾਵੇ ਅੱਗ
ਫਾਜ਼ਿਲਕਾ, 4 ਸਤੰਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਡਾ. ਗੁਰਮੀਤ ਸਿੰਘ ਚੀਮਾ ਦੀ ਯੋਗ ਅਗਵਾਈ ਹੇਠ ਇਨ ਸੀਟੂ ਸਟਰਾਅ ਮਨੋਜਮੈਂਟ ਸਕੀਮ ਅਧੀਨ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਪਿੰਡ ਬਾਹਮਣੀ ਵਾਲਾ ਦੇ ਕਮਿਊਟੀ ਹਾਲ ਵਿੱਚ ਲਗਾਇਆ ਗਿਆ । ਸ਼੍ਰੀ ਅਮਨਦੀਪ ਕੰਬੋਜ ਬੀ.ਟੀ.ਐਮ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਨੂੰ ਸਾਡੇ ਗੁਰੂਆਂ ਪੀਰਾਂ ਨੇ ਮਾਂ ਦਾ ਦਰਜਾ ਦਿੱਤਾ ਹੈ। ਅਸੀਂ ਸਾਰੇ ਇਸ ਵਿਚੋਂ ਅੰਨ ਉਗਾ ਕੇ ਖਾਂਦੇ ਹਾਂ, ਸਾਨੂੰ ਇਸ ਦੀ ਕੁੱਖ ਨੂੰ ਨਹੀਂ ਸਾੜਨਾ ਚਾਹੀਦਾ। ਕਿਸਾਨਾਂ ਲਈ ਪਰਾਲੀ ਇੱਕ ਵੱਡਮੁੱਲੀ ਖਾਦ ਤੇ ਮਿੱਟੀ ਦੀ ਚੰਗੀ ਸਿਹਤ ਦਾ ਕੁਦਰਤੀ ਸਰੋਤ ਹੈ। ਉਹਨਾਂ ਵਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਲਈ ਕਿ ਹਾ ਜਿਸ ਨਾਲ ਖੇਤੀ ਖਰਚੇ ਘਟਣ ਦੇ ਨਾਲ ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ।ਉਹਨਾਂ ਨੇ ਕਿਹਾ ਕਿ ਆਈ-ਖੇਤ ਐਪ ਤੋਂ ਛੋਟੇ ਤੇ ਸੀਮਾਂਤ ਕਿਸਾਨ ਪਰਾਲੀ ਨੂੰ ਸੰਭਾਲਣ ਲਈ ਮਸ਼ੀਨਰੀ ਨੂੰ ਬੜੇ ਹੀ ਸਸਤੇ ਕਿਰਾਏ ਤੇ ਲੈ ਕੇ ਵਰਤ ਸਕਦੇ ਹਨ। ਇਸ ਐਪ ਜਰੀਏ ਕਿਸਾਨ ਆਧੁਨਿਕ ਮਸ਼ੀਨਾਂ ਜਿਵੇਂ ਹੈਪੀ ਸੀਡਰ, ਐੱਮ.ਬੀ ਪਲਾਅ, ਚੌਪਰ ਮਲਚਰ, ਸੁਪਰਸੀਡਰ ਆਦਿ ਨੂੰ ਵਰਤ ਸਕਦੇ ਹਨ। ਉਹਨਾਂ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਨ, ਆਸ ਪਾਸ ਦੇ ਦਰੱਖਤ ਪਸ਼ੂ ਪੰਛੀ ਅਤੇ ਸੜਕਾਂ ਤੇ ਗੁਜਰ ਰਹੇ ਮੁਸਾਫਿਰ ਬਹੁਤ ਪ੍ਰਭਾਵਤ ਹੁੰਦੇ ਹਨ । ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਮਿੱਤਰ ਜੀਵਾਂ ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਫਸਲਾਂ ਦੀ ਰਹਿੰਦ-ਖੂਹੰਦ ਨੂੰ ਆਪਣੀ ਜ਼ਮੀਨ ਵਿੱਚ ਹੀ ਮਿਲਾ ਕੇ ਮਿੱਟੀ ਦੀ ਸਿਹਤ ਬਰਕਰਾਰ ਰੱਖੀ ਜਾ ਸਕਦੀ ਹੈ । ਉਹਨਾਂ ਵਲੋਂ ਮਿਆਰੀ ਬਾਸਮਤੀ ਦੇ ਉਤਪਾਦਨ ਅਤੇ ਪਾਬੰਦੀਸ਼ੁਦਾ ਜ਼ਹਿਰਾਂ ਦੀ ਵਰਤੋਂ ਨਾ ਕਰਨ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਹਾਜ਼ਰ ਕਿਸਾਨਾਂ ਨੇ ਉਨ੍ਹਾਂ ਵਲੋਂ ਦਿੱਤੀ ਜਾਣਕਾਰੀ ਦਾ ਪੂਰਨ ਸਹਿਯੋਗ ਦਿੱਤਾ ਅਤੇ ਪਰਾਲੀ ਨੂੰ ਨਾ ਸਾੜਨ ਦੀ ਸਹਿਮਤੀ ਪ੍ਰਗਟਾਈ।