ਸ੍ਰੀ ਮੁਕਤਸਰ ਸਾਹਿਬ 9 ਜੂਨ : ਪੰਜਾਬ ਸਰਕਾਰ ਵੱਲੋਂ ਫ਼ਸਲੀ ਵਿਭਿੰਨਤਾ ਅਤੇ ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਵਾਸਤੇ ਚਲਾਏ ਜਾ ਰਹੇ ਮਿਸ਼ਨ ਉੱਨਤ ਕਿਸਾਨ ਅਧੀਨ ਮੁੱਖ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਿਸਾਨ ਟ੍ਰੇਨਿੰਗ ਕੈਂਪ ਪਿੰਡ ਰੁਪਾਣਾ ਬਲਾਕ ਸ੍ਰੀ ਮੁਕਤਸਰ ਸਾਹਿਬ ਵਿਖੇ ਆਯੋਿਜਤ ਕੀਤਾ ਗਿਆ। ਕੈਂਪ ਦੌਰਾਨ ਡਾ. ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਨੇ ਮਿੱਟੀ ਅਤੇ ਪਾਣੀ ਦੀ ਪਰਖ ਦੀ ਮਹੱਤਤਾ ਅਤੇ ਸਾਉਣੀ ਦੀਆ ਫਸਲਾਂ ਵਿੱਚ ਸੁਚੱਜੇ ਖਾਦ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ। ਉਹਨ੍ਹਾ ਦੱਸਿਆ ਕਿ ਜਮੀਨ ਵਿੱਚ ਖੁਰਾਕੀ ਤੱਤਾਂ ਦੀ ਪੁੁੂਰਤੀ ਲਈ ਹਰੀ-ਖਾਦ, ਰੂੜੀ ਖਾਦ, ਬੀਜ ਨੁੂੰ ਜੀਵਾਣੂ ਟੀਕਾ ਅਤੇ ਰਸਾਇਣਿਕ ਖਾਦਾ ਦੇ ਸਮੇਲ ਨਾਲ ਖਾਦ ਪ੍ਰਬੰਧਨ ਲਈ ਕਿਹਾ ਗਿਆ। ਡਾ. ਹਰਮਨਜੀਤ ਸਿੰਘ , ਖੇਤੀਬਾੜੀ ਵਿਕਾਸ ਅਫ਼ਸਰ (ਪੀ.ਪੀ.) ਸ੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਝੋਨੇ/ਬਾਸਮਤੀ ਦੀ ਸੁਚੱਜੀ ਕਾਸ਼ਤ ਬਾਰੇ ਦੱਸਿਆ ਗਿਆ । ਡਾ. ਸ਼ਵਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ (ਜ.ਕ) ਨੇ ਪੰਜਾਬ ਸਰਕਾਰ ਵੱਲੋਂ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਉਪਰ ਦਿੱਤੀ ਜਾਣ ਵਾਲੀ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸੀ ਬਾਰੇ ਜਾਣਕਾਰੀ ਦਿੱਤੀ।ਉਹਨਾ ਵੱਲੋਂ ਦੱਸਿਆ ਗਿਆ ਕਿ ਸਿੱਧੀ ਬਿਜਾਈ ਲਈ ਅਪਲਾਈ ਕਰਨ ਲਈ ਆਖਰੀ ਮਿਤੀ 24 ਜੂਨ 2023 ਹੈ ਅਤੇ ਕਿਸਾਨ agrimachinerypb.com ਪੋਰਟਲ ਉਪਰ ਆਪਣੀ ਜ਼ਮੀਨ ਦਾ ਰਿਕਾਰਡ ਭਰਕੇ ਇਸ ਸਕੀਮ ਅਧੀਨ ਅਪਲਾਈ ਕਰ ਸਕਦੇ ਹਨ। ਡਾ. ਮਨਮੀਤ ਕੌਰ, ਖੇਤੀਬਾੜੀ ਵਿਕਾਸ ਅਫ਼ਸਰ (ਮਾਰਕੀਟਿੰਗ) ਨੇ ਪੀ.ਐਮ. ਕਿਸਾਨ ਯੋਜਨਾ ਅਧੀਨ ਲਾਭ ਲੈਣ ਲਈ e-KYC ਨੂੰ ਪੂਰਾ ਕਰਵਾਉਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਉਹਨ੍ਹਾ ਵੱਲੋ ਦੱਸਿਆ ਗਿਆ ਕਿ e-KYC ਆਪਣੇ ਸਮਾਰਟ ਫੋਨ ਵਿੱਚ PMKISAN GOI ਐਪ ਡਾਉਨਲੋਡ ਕਰਕੇ ਜਾ ਆਪਣੇ ਨਜਦੀਕੀ ਸੀ.ਐਸ.ਸੀ. ਸੈਂਟਰ ਤੋਂ ਅੰਗਠੇ ਦਾ ਨਿਸ਼ਾਨ ਲਗਵਾਕੇ ਕਰਵਾਈ ਜਾ ਸਕਦੀ ਹੈ। ਜਿਨ੍ਹਾਂ ਲਾਭਪਾਤਰੀਆਂ ਦੇ ਲੈਂਡ ਸੀਡਿੰਗ ਨੋ ਆਉਣ ਕਰਕੇ ਕਿਸ਼ਤਾਂ ਰੁਕੀਆਂ ਹੋਈਆਂ ਹਨ, ਉਹ ਕਿਸਾਨ ਖੇਤੀਬਾੜੀ ਦਫ਼ਤਰ ਵਿਖੇ ਆਪਣੇ ਅਧਾਰ ਕਾਰਡ ਦੀ ਕਾਪੀ ਅਤੇ ਜ੍ਹਮਾਬੰਦੀ ਦੇ ਕੇ ਕਿਸ਼ਤਾਂ ਚਾਲੂ ਕਰਵਾ ਸਕਦੇ ਹਨ।ਕੈਂਪ ਦਾ ਆਯੋਜਨ ਸ੍ਰੀ. ਸਤਿੰਦਰ ਕੁਮਾਰ, ਖੇਤੀਬਾੜੀ ਉੱਪ ਨਿਰੀਖਕ ਵੱਲੋਂ ਕੀਤਾ ਗਿਆ।