- ਵਿਰਾਸਤੀ ਸ਼ੀਸ਼ ਮਹਿਲ ਦੇ ਵਿਹੜੇ 'ਚ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੀਆਂ ਰੌਣਕਾਂ ਸ਼ੁਰੂ
- ਵਿਦੇਸ਼ਾਂ 'ਚ ਲੱਗਣ ਵਾਲੇ ਮੇਲਿਆਂ 'ਚ ਪੰਜਾਬ ਦੇ ਮਾਰਕਫੈੱਡ ਤੇ ਵੇਰਕਾ ਸਮੇਤ ਹੋਰ ਉਤਪਾਦ ਹੁੰਦੇ ਨੇ ਸ਼ਾਮਲ : ਕੈਬਨਿਟ ਮੰਤਰੀ
- ਹਰਪਾਲ ਸਿੰਘ ਚੀਮਾ ਨੇ ਨਗਾਰਾ ਵਜਾ ਕੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੀ ਕਰਵਾਈ ਸ਼ੁਰੂਆਤ
- ਅਜਿਹੇ ਮੇਲੇ ਸੂਬੇ ਦੀ ਖੁਸ਼ਹਾਲੀ ਤੇ ਸ਼ਾਂਤਮਈ ਮਾਹੌਲ ਦਾ ਪ੍ਰਤੀਕ : ਕੈਬਨਿਟ ਮੰਤਰੀ
- ਹਰਪਾਲ ਸਿੰਘ ਚੀਮਾ ਵੱਲੋਂ ਲੋਕਾਂ ਨੂੰ ਕਰਾਫ਼ਟ ਮੇਲੇ ਦਾ ਆਨੰਦ ਮਾਨਣ ਦਾ ਸੱਦਾ
- ਦੇਸ਼ ਭਰ 'ਚੋਂ ਪੁੱਜੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਪਾਈਆਂ ਧਮਾਲਾਂ
- ਰੰਗਲਾ ਪੰਜਾਬ ਕਰਾਫ਼ਟ ਮੇਲੇ ਵਿੱਚ ਦੇਸ਼-ਵਿਦੇਸ਼ ਦੇ ਸ਼ਿਲਪਕਾਰ ਪੁੱਜੇ
ਪਟਿਆਲਾ, 25 ਫਰਵਰੀ : ਪਟਿਆਲਾ ਦੇ ਸ਼ੀਸ਼ ਮਹਿਲ ਦੇ ਵਿਹੜੇ 'ਚ ਲੱਗੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੀ ਸ਼ੌਹਰਤ ਵਿਦੇਸ਼ਾਂ ਤੱਕ ਪੁੱਜ ਚੁੱਕੀ ਹੈ, ਜਿਸ ਸਦਕਾ ਦੇਸ਼ ਦੇ ਵੱਡੀ ਗਿਣਤੀ ਸ਼ਿਲਪਕਾਰਾਂ ਸਮੇਤ ਅਫ਼ਗਾਨਿਸਤਾਨ, ਘਾਨਾ, ਤੁਰਕੀ ਅਤੇ ਥਾਈਲੈਂਡ ਦੇ ਸ਼ਿਲਪਕਾਰਾਂ ਵੱਲੋਂ ਆਪਣੀਆਂ ਵਸਤਾਂ ਇਥੇ ਸਜਾਈਆਂ ਗਈਆਂ ਹਨ। ਇਹ ਪ੍ਰਗਟਾਵਾ ਪੰਜਾਬ ਦੇ ਵਿੱਤ, ਯੋਜਨਾ ਤੇ ਕਰ ਅਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕੀਤਾ ਹੈ। 5 ਮਾਰਚ ਤੱਕ ਚੱਲਣ ਵਾਲੇ ਇਸ ਮੇਲੇ ਦਾ ਆਗਾਜ਼ ਕਰਵਾਉਣ ਲਈ ਪਟਿਆਲਾ ਪੁੱਜੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਗਾਰਾ ਵਜਾ ਕੇ ਕਰਾਫ਼ਟ ਮੇਲੇ ਦਾ ਆਗਾਜ਼ ਕੀਤਾ। ਉਨ੍ਹਾਂ ਦੇ ਨਾਲ ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ। ਇਸ ਮੌਕੇ ਮੇਲੇ 'ਚ ਪੁੱਜਣ 'ਤੇ ਮਹਿਮਾਨਾਂ ਦਾ ਲੋਕ ਬੋਲੀਆਂ, ਬੀਨ ਵਾਜੇ ਤੇ ਰਵਾਇਤੀ ਲੋਕ ਨਾਚਾਂ ਦੇ ਕਲਾਕਾਰਾਂ ਨੇ ਧਮਾਲਾਂ ਪਾਉਂਦਿਆਂ ਸਵਾਗਤ ਕੀਤਾ। ਵਿੱਤ ਮੰਤਰੀ ਨੇ ਪਟਿਆਲਾ ਦਾ ਕਰਾਫ਼ਟ ਮੇਲਾ ਕਰਵਾਉਣ ਲਈ ਜ਼ਿਲ੍ਹੇ ਦੇ ਸਮੂਹ ਐਮ.ਐਲ.ਏਜ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਅਜਿਹੇ ਮੇਲਿਆਂ ਨੂੰ ਸੂਬੇ ਦੀ ਖੁਸ਼ਹਾਲੀ ਤੇ ਸ਼ਾਤਮਈ ਮਾਹੌਲ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਦੀਆਂ ਨਸਾਂ 'ਚ ਖੇਡਾਂ ਤੇ ਸਭਿਆਚਾਰਕ ਮੇਲੇ ਵੱਸੇ ਹੋਏ, ਪਰ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਲੋਕ ਵਿਰੋਧੀ ਫ਼ੈਸਲਿਆਂ ਸਦਕਾ ਸੂਬੇ ਦੇ ਲੋਕਾਂ ਦੇ ਚਿਹਰਿਆਂ ਤੋਂ ਰੌਣਕ ਚਲੀ ਗਈ ਸੀ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਮੁੜ ਤੋਂ ਰੰਗਲਾ ਬਣਾਉਣ ਦੇ ਲਏ ਅਹਿਦ ਤੋਂ ਬਾਅਦ ਦੁਬਾਰਾ ਦੇਖਣ ਨੂੰ ਮਿਲ ਰਹੀ ਹੈ। ਵਿੱਤ ਮੰਤਰੀ ਨੇ ਦੁਬਈ ਵਿਖੇ ਚੱਲ ਰਹੇ ਫੂਡ ਫੈਸਟੀਵਲ ਦਾ ਜਿਕਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸ਼ੀਸ਼ ਮਹਿਲ ਵਿਖੇ ਕਰਾਫ਼ਟ ਮੇਲੇ 'ਚ ਵਿਦੇਸ਼ਾਂ ਤੋਂ ਸ਼ਿਲਪਕਾਰ ਪੁੱਜੇ ਹਨ, ਉਸੇ ਤਰ੍ਹਾਂ ਪੰਜਾਬ ਦੇ ਮਾਰਕਫੈੱਡ ਅਤੇ ਵੇਰਕਾ ਸਮੇਤ ਹੋਰ ਵਿਭਾਗਾਂ ਦੇ ਉਤਪਾਦ ਵੀ ਵਿਦੇਸ਼ਾਂ 'ਚ ਲੱਗ ਰਹੇ ਮੇਲਿਆਂ 'ਚ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਉਤਪਾਦ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਥਾਂ ਬਣਾਉਣ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੱਭਿਆਚਾਰਕ ਮਾਮਲੇ ਵਿਭਾਗ ਤੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਇਹ ਰੰਗਲਾ ਪੰਜਾਬ ਕਰਾਫ਼ਟ ਮੇਲਾ ਸ਼ਿਲਪਕਾਰਾਂ ਨੂੰ ਆਪਣੀ ਕਲਾਂ ਦਿਖਾਉਣ ਲਈ ਇਕ ਮੰਚ ਪ੍ਰਦਾਨ ਕਰਨ ਸਮੇਤ ਪਟਿਆਲਾ ਵਾਸੀਆਂ ਨੂੰ ਦੇਸ਼ ਤੇ ਵਿਦੇਸ਼ ਦੇ ਸ਼ਿਲਪਕਾਰਾਂ ਦੀਆਂ ਵਸਤਾਂ ਇਕੋ ਛੱਤ ਥੱਲੇ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਇਸ ਦੌਰਾਨ ਦੇਸ਼ ਵਿਦੇਸ਼ ਤੋਂ ਪੁੱਜੇ ਸ਼ਿਲਪਕਾਰਾਂ ਦਾ ਵਿਸ਼ੇਸ਼ ਤੌਰ 'ਤੇ ਸਵਾਗਤ ਕਰਦਿਆਂ ਪਟਿਆਲਵੀਆਂ ਅਤੇ ਪੰਜਾਬ ਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਮੇਲੇ ਦਾ ਪਰਿਵਾਰਾਂ ਸਮੇਤ ਆਨੰਦ ਮਾਨਣ। ਇਸ ਮੌਕੇ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਪੇਸ਼ ਕੀਤੀ ਗਈ ਰੰਗਾ-ਰੰਗ ਪੇਸ਼ਕਾਰੀ ਦੌਰਾਨ ਰਾਜਸਥਾਨ ਦਾ ਕਾਲ ਬੇਲੀਆ, ਕੁੱਲੂ ਦਾ ਨਾਟੀ ਡਾਂਸ, ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਵੱਲੋਂ ਮੁੱਖ ਮਹਿਮਾਨ ਦੇ ਸਵਾਗਤ ਸਮੇਂ ਜਾਗੋ, ਲੋਕ ਨਾਚ ਗਿੱਧਾ ਤੋਂ ਇਲਾਵਾ ਰੰਗੋਲੀ ਦੇ ਇੰਟਰ ਕਾਲਜ ਤੇ ਇੰਟਰ ਸਕੂਲ ਮੁਕਾਬਲੇ ਹੋਏ ਅਤੇ ਸਰਕਾਰੀ ਮਹਿੰਦਰਾ ਕਾਲਜ ਅਤੇ ਲਾਅ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਜਦੋਂਕਿ ਮੇਲੇ 'ਚ ਪੰਜਾਬ, ਰਾਜਸਥਾਨ ਦੇ ਨਚਾਰ, ਜੋਗੀਆਂ ਵਾਲੀ ਬੀਨ, ਨਗਾੜਾ, ਬਾਜੀਗਰ ਸਮੇਤ ਹੋਰ ਅਹਿਮ ਦਿਲਲੁਭਾਊ ਮੰਨੋਰੰਜਨ ਦੇ ਪ੍ਰੋਗਰਾਮਾਂ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਖੇਰ ਰਹੀ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਮੇਲੇ ਦੀ ਸ਼ੁਰੂਆਤ ਮੌਕੇ ਪਹੁੰਚੀਆਂ ਸ਼ਖਸੀਅਤਾਂ, ਦੇਸ਼ ਤੇ ਵਿਦੇਸ਼ ਤੋਂ ਪੁੱਜੇ ਦਸਤਕਾਰਾਂ ਤੇ ਕਲਾਕਾਰਾਂ ਨੂੰ ਜੀ ਆਇਆ ਆਖਿਆ ਅਤੇ ਮੇਲੇ 'ਚ ਆਏ ਦੇਸ਼ਾਂ ਤੇ ਵਿਦੇਸ਼ਾਂ ਦੇ ਸ਼ਿਲਪਕਾਰਾਂ ਵੱਲੋਂ ਲਗਾਈਆਂ ਗਈਆਂ ਕਰੀਬ 110 ਸਟਾਲਾਂ ਵਿੱਚ ਮਿਲਣ ਵਾਲੀਆਂ ਵੱਖ-ਵੱਖ ਸ਼ਿਲਪਕਾਰੀ ਵਸਤਾਂ ਸਮੇਤ 10 ਦਿਨ ਰੋਜ ਚੱਲਣ ਵਾਲੇ ਵੱਖ-ਵੱਖ ਰਾਜਾਂ ਦੇ ਲੋਕ ਨਾਚਾਂ ਅਤੇ ਸਭਿਆਚਰਕ ਗਤੀਵਿਧੀਆਂ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 26 ਫਰਵਰੀ ਨੂੰ ਵਿਸ਼ੇਸ਼ ਤੌਰ 'ਤੇ ਟ੍ਰੈਜ਼ਰ ਹੰਟ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਥੇ ਦੇਸ਼ ਭਰ ਤੋਂ ਪੁੱਜੇ ਸ਼ਿਲਪਕਾਰਾਂ ਵੱਲੋਂ ਲਾਈਆਂ ਗਈਆਂ ਕਰੀਬ 110 ਤੋਂ ਵਧੇਰੇ ਸਟਾਲਾਂ 'ਤੇ ਦਸਤਕਾਰੀ ਵਸਤਾਂ ਦੀ ਦਰਸ਼ਕਾਂ ਅਤੇ ਖਰੀਦਦਾਰੀ ਦੇ ਸ਼ੌਕੀਨਾਂ ਵੱਲੋਂ ਪਹਿਲੇ ਦਿਨ ਖ਼ੂਬ ਖ਼ਰੀਦੋ-ਫ਼ਰੋਖ਼ਤ ਕੀਤੀ ਗਈ। ਜਦੋਂਕਿ ਵੱਖ-ਵੱਖ ਰਾਜਾਂ ਦੇ ਸਟਾਲਾਂ 'ਤੇ ਬਣੇ ਲਜ਼ੀਜ਼ ਪਕਵਾਨਾਂ ਅਤੇ ਬੱਚਿਆਂ ਲਈ ਝੂਲੇ, ਪੀਂਗਾਂ ਤੇ ਖਿਡੌਣਿਆਂ ਸਮੇਤ ਮੰਨੋਰੰਜਨ ਦੇ ਹੋਰ ਸਾਧਨਾਂ ਨੇ ਖ਼ੂਬ ਰੌਣਕਾਂ ਲਾਈਆਂ। ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਇਸ ਰੰਗਲਾ ਪੰਜਾਬ ਕਰਾਫ਼ਟ ਮੇਲੇ 'ਚ 5 ਮਾਰਚ ਤੱਕ ਪੰਜਾਬ ਸਮੇਤ ਹੋਰ ਰਾਜਾਂ ਤੋਂ ਵੱਡੀ ਗਿਣਤੀ ਦਰਸ਼ਕਾਂ ਦੇ ਪੁੱਜਣ ਦੀ ਸੰਭਾਵਨਾ ਹੈ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪੀ.ਆਰ.ਟੀ.ਸੀ. ਚੇਅਰਮੈਨ ਰਣਜੋਧ ਸਿੰਘ ਹਡਾਣਾ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਜੱਸੀ ਸੋਹੀਆਂ ਵਾਲਾ, ਚੇਅਰਮੈਨ ਇੰਪਰੂਵਮੈਂਟ ਟਰਸਟ ਮੇਘ ਚੰਦ ਸ਼ੇਰਮਾਜਰਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਰਨੈਲ ਸਿੰਘ ਮੰਨੂ, ਇੰਦਰਜੀਤ ਸਿੰਘ ਸੰਧੂ, ਪ੍ਰੀਤੀ ਮਲਹੋਤਰਾ, ਜਗਦੀਪ ਸਿੰਘ ਜੱਗਾ, ਤੇਜਿੰਦਰ ਮਹਿਤਾ, ਵੀਰਪਾਲ ਕੌਰ ਚਹਿਲ, ਅਮਰੀਕ ਸਿੰਘ ਬੰਗੜ, ਪ੍ਰਿੰਸੀਪਲ ਜੇ.ਪੀ. ਸਿੰਘ, ਬਲਵਿੰਦਰ ਸਿੰਘ ਝਾੜਵਾਂ, ਚੇਅਰਮੈਨ ਸੁਰਿੰਦਰਪਾਲ ਸ਼ਰਮਾ, ਸਵਿੰਦਰ ਧਨੰਜੇ, ਅਮਰੀਕ ਸਿੰਘ ਰਾਮਗੜ੍ਹ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਆਈ.ਜੀ. ਪਟਿਆਲਾ ਰੇਂਜ ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ. ਵਰੁਣ ਸ਼ਰਮਾ, ਮੇਲੇ ਦੇ ਨੋਡਲ ਅਫ਼ਸਰ ਕਮ- ਵਧੀਕ ਡਿਪਟੀ ਕਮਿਸ਼ਨਰ ਈਸ਼ਾ ਸਿੰਘਲ, ਐਸ.ਪੀ. ਰਕੇਸ਼ ਸ਼ਰਮਾ, ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਜੀਵਨ ਜੋਤ ਕੌਰ, ਐਸ.ਡੀ.ਐਮ. ਰਾਜਪੁਰਾ ਡਾ. ਸੰਜੀਵ ਕੁਮਾਰ, ਸਹਾਇਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ ਕੰਨੂ ਗਰਗ, ਸਹਾਇਕ ਕਮਿਸ਼ਨਰ (ਜ) ਕ੍ਰਿਪਾਲ ਵੀਰ ਸਿੰਘ ਤੇ ਪ੍ਰੋ. ਗੁਰਬਖ਼ਸ਼ੀਸ਼ ਸਿੰਘ ਅੰਟਾਲ ਵੀ ਮੌਜੂਦ ਸਨ। ਮੇਲੇ 'ਚ 150 ਵਲੰਟੀਅਰਾਂ ਵੱਲੋਂ ਵੀ ਲੋਕਾਂ ਦੀ ਸਹੂਲਤ ਲਈ ਸੇਵਾ ਨਿਭਾਈ ਜਾ ਰਹੀ ਹੈ।
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦੀਆਂ ਸਟਾਲਾਂ ਦਾ ਕੀਤਾ ਦੌਰਾ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਰੰਗਲਾ ਪੰਜਾਬ ਕਰਾਫ਼ਟ ਮੇਲੇ 'ਚ ਲੱਗੀਆਂ ਵੱਖ ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਵਿਦੇਸ਼ ਤੋਂ ਆਏ ਤੁਰਕੀ, ਆਫਗਾਨਸਿਤਾਨ, ਘਾਨਾ ਤੇ ਥਾਈਲੈਂਡ ਦੀਆਂ ਸਟਾਲਾਂ 'ਤੇ ਪੁੱਜਕੇ ਸ਼ਿਲਪਕਾਰਾਂ ਨਾਲ ਗੱਲਬਾਤ ਕੀਤੀ। ਵਿੱਤ ਮੰਤਰੀ ਨੇ ਇਨ੍ਹਾਂ ਸ਼ਿਲਪਕਾਰਾਂ ਦਾ ਇਥੇ ਪੁੱਜਣ 'ਤੇ ਪੰਜਾਬ ਸਰਕਾਰ ਵੱਲੋਂ ਸਵਾਗਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰੇਕ ਸੰਭਵ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕਰਾਫ਼ਟ ਮੇਲਾ ਦੇਸ਼ ਤੇ ਵਿਦੇਸ਼ ਦੇ ਸ਼ਿਲਪਕਾਰਾਂ ਤੇ ਕਲਾਕਾਰਾਂ ਲਈ ਇਕ ਵਧੀਆਂ ਮੰਚ ਹੈ ਜਿਥੇ ਉਹ ਆਪਣੀ ਪ੍ਰਤਿਭਾ ਨੂੰ ਦਿਖਾ ਸਕਦੇ ਹਨ।
ਮਿਤੀ 26 ਫਰਵਰੀ ਨੂੰ ਕਰਾਫ਼ਟ ਮੇਲੇ 'ਚ ਹੋਣ ਵਾਲੀਆਂ ਸਭਿਆਚਾਰਕ ਪੇਸ਼ਕਾਰੀਆਂ
ਸਵੇਰ ਸਮੇਂ ਸ਼ਾਹੀ ਗੱਭਰੂ ਤੇ ਸ਼ਾਹੀ ਮੁਟਿਆਰ ਦਾ ਮੁਕਾਬਲਾ, ਕਿਡਜ਼ ਸ਼ੋਅ, ਲੋਕ ਕਲਾਵਾਂ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਬਾਅਦ ਦੁਪਹਿਰ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਵੱਖ ਵੱਖ ਪੇਸ਼ਕਾਰੀ ਕੀਤੀਆਂ ਜਾਣਗੀਆਂ ਇਸ ਉਪਰੰਤ ਸ਼ਾਮ ਸਮੇਂ ਪੰਜਾਬ ਲੋਕ ਗਾਇਕ ਅੰਮ੍ਰਿਤ ਮਾਨ ਸੱਭਿਆਚਾਰਕ ਪੇਸ਼ਕਾਰੀ ਦਿੱਤੀ ਜਾਵੇਗੀ।