ਲੁਧਿਆਣਾ, 21 ਮਾਰਚ : ਸਿੱਧੂ ਮੂਸੇਵਾਲ ਦੇ ਜਾਣ ਦਾ ਦੁੱਖ ਪੂਰੇ ਵਿਸ਼ਵ ਅੰਦਰ ਮਨਾਇਆ ਗਿਆ। ਬਲਕੌਰ ਸਿੰਘ ਨਾਲ ਸਭ ਨੇ ਹਮਦਰਦੀ ਪ੍ਰਗਟ ਕੀਤੀ। ਹੁਣ ਪਿਛਲੇ ਦਿਨੀ ਮੂਸੇਵਾਲ ਪਰਿਵਾਰ ਵਿੱਚ ਆਈ ਖੁਸ਼ੀ ਨਾਲ ਦੇਸ਼ ਵਿਦੇਸ਼ ਦੇ ਲੋਕ ਭਾਈਵਾਲ ਹੋ ਰਹੇ ਹਨ। ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਪਰ ਪੰਜਾਬ ਦੀ ਮਾਨ ਸਰਕਾਰ ਵੱਲੋਂ ਰੰਗ ਵਿੱਚ ਭੰਗ ਪਾਉਣ ਵਾਲੀ ਕਾਰਵਾਈ ਕੀਤੀ ਗਈ। ਇਹ ਸ਼ਬਦ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪ੍ਰਧਾਨ ਮੰਚ ਰਾਜੀਵ ਕੁਮਾਰ ਲਵਲੀ, ਜਨਰਲ ਸਕੱਤਰ ਰਵਿੰਦਰ ਸਿਆਣ, ਜੋਗਿੰਦਰ ਜੰਗੀ, ਮਹਿਲਾ ਵਿੰਗ ਦੀ ਪ੍ਰਧਾਨ ਸਿੰਮੀ ਕਵਾਤਰਾ ਅਤੇ ਚੇਅਰਪਰਸਨ ਗੁਰਮੀਤ ਕੌਰ ਆਹਲੂਵਾਲੀਆ ਨੇ ਸਾਂਝੇ ਬਿਆਨ ਰਾਹੀਂ ਕਹੇ। ਬਾਵਾ ਤੇ ਲਵਲੀ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਵਿੱਚ ਅਜਿਹੀਆਂ ਕਰਵਾਈਆਂ ਬੇਸ਼ੱਕ ਉਹ ਕਿਸੇ ਵੀ ਸਰਕਾਰ ਵੱਲੋਂ ਹੋਣ ਸ਼ੋਭਾ ਨਹੀਂ ਦਿੰਦੀਆਂ। ਚਾਹੀਦਾ ਤਾਂ ਇਹ ਸੀ ਕਿ ਸਾਰੀਆਂ ਪਾਰਟੀਆਂ ਦੇ ਲੋਕ ਮੂਸੇਵਾਲ ਪਰਿਵਾਰ ਦੀਆਂ ਖੁਸ਼ੀਆਂ ਵਿੱਚ ਸ਼ਿਰਕਤ ਕਰਦੇ ਜਿਸ ਤਰ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਥੀਆਂ ਸਮੇਤ ਗਏ। ਉਲਟਾ ਨੰਨ੍ਹੇ ਬੱਚਿਆਂ ਦੇ ਜਨਮਦਿਨ ‘ਤੇ ਸਵਾਲ ਖੜੇ ਕਰਕੇ ਪੰਜਾਬ ਸਰਕਾਰ ਨੇ ਆਪਣੀ ਕਿਰਕਰੀ ਦੇਸ਼ ਵਿਦੇਸ਼ ਵਿੱਚ ਕਰਵਾਈ ਹੈ। ਉਹਨਾਂ ਕਿਹਾ ਕਿ ਅਸੀਂ 28 ਸਾਲ ਤੋਂ ਧੀਆਂ ਦੀ ਲੋਹੜੀ ਮਨਾਉਂਦੇ ਆ ਰਹੇ ਹਾਂ। ਲੋਹੜੀ ਦਾ ਮਤਲਬ ਹੀ ਇਹ ਹੈ ਕਿ ਨੰਨ੍ਹੇ ਬੱਚੇ ਦੇ ਜਨਮ ‘ਤੇ ਉਸਨੂੰ ਜੀ ਆਇਆ ਨੂੰ ਕਹਿਣਾ, ਵੈਲਕਮ ਕਹਿਣਾ, ਖੁਸ਼ਾਮਦੀਦ ਕਹਿਣਾ। ਇਹ ਤਾਂ ਸਾਡੇ ਅਮੀਰ ਵਿਰਸੇ ਨੂੰ ਕਲੰਕਿਤ ਕਰਨ ਵਾਲੀ ਕਾਰਵਾਈ ਹੈ ਜੋ ਪੰਜਾਬ ਸਰਕਾਰ ਨੇ ਪਿਛਲੀ ਦਿਨੀ ਕੀਤੀ ਹੈ।