- ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਿਹਤ ਸਕੀਮਾਂ ਦੇ ਜਾਇਜ਼ੇ ਲਈ ਮੀਟਿੰਗ
- ਸਿਹਤ ਬੀਮਾ ਯੋਜਨਾ ਤਹਿਤ ਕੈਂਪ ਲਗਾਉਣ ਦੀ ਹਦਾਇਤ
- ਨੈਸ਼ਨਲ ਕੁਆਲਟੀ ਅਸ਼ੋਰੈਂਸ ਸਟੈਂਡਰਡ ਤਹਿਤ ਸਰਟੀਫਿਕੇਸ਼ਨ ਲਈ ਅਪਲਾਈ ਕਰਨ ਵਾਲਾ ਪੰਜਾਬ ਦਾ ਪਹਿਲਾ ਹੈਲਥ ਵੈਲਨੈਸ ਸੈਂਟਰ ਬਣਿਆ ਕੱਟੂ
ਬਰਨਾਲਾ, 8 ਜੂਨ : ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੀ ਪ੍ਰਧਾਨਗੀ ਹੇਠ ਸਿਵਲ ਰਜਿਸਟਰੇਸ਼ਨ ਸਿਸਟਮ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਪੱਧਰੀ ਅੰਤਰ-ਵਿਭਾਗੀ ਤਾਲਮੇਲ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ, ਜਿਸ ਵਿੱਚ ਸਿਵਲ ਸਰਜਨ ਬਰਨਾਲਾ ਡਾ. ਜਸਬੀਰ ਸਿੰਘ ਔਲਖ ਤੇ ਹੋਰ ਅਧਿਕਾਰੀ ਸ਼ਾਮਲ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਨੂੰ ਜੇਕਰ ਕੋਈ ਅਣਪਛਾਤੀ ਲਾਸ਼ ਮਿਲਦੀ ਹੈ ਤਾਂ ਉਹ ਸਮੇਂ ਸਿਰ ਸਬੰਧਤ ਲੋਕਲ ਰਜਿਸਟਰਾਰ ਪਾਸ ਦਰਜ ਕਰਵਾਉਣ। ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਹਰੇਕ ਨਗਰ ਕੌਂਸਲ/ ਨਗਰ ਪੰਚਾਇਤ ਵਿੱਚ ਜਨਮ ਤੇ ਮੌਤ ਦੀ ਰਜਿਸਟਰੇਸ਼ਨ ਸਬੰਧੀ ਬੋਰਡ ਲਗਵਾਏ ਜਾਣ ਤਾਂ ਜੋ ਜਨਮ ਤੇ ਮੌਤ ਦੀ ਰਜਿਸਟਰੇਸ਼ਨ ਨੂੰ ਦਰਜ ਕਰਨ ਦਾ 100 ਫੀਸਦੀ ਦਾ ਟੀਚਾ ਹਾਸਲ ਕੀਤਾ ਜਾ ਸਕੇ। ਜ਼ਿਲ੍ਹਾ ਸਿੱਖਿਆ ਅਫਸਰ ਨੂੰ ਵਿੱਦਿਆਰਥੀਆਂ ਨੂੰ ਜਨਮ ਰਜਿਸਟ੍ਰੇਸ਼ਨ ਬਾਰੇ ਜਾਗਰੂਕ ਕਰਨ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਪੰਚਾਇਤਾਂ ਨੂੰ ਜਾਗਰੂਕ ਕਰਨ ਬਾਰੇ ਕਿਹਾ ਤਾਂ ਜੋ ਜਨਮ ਤੇ ਮੌਤ ਦੀ ਰਜਿਸਟਰੇਸ਼ਨ 21 ਦਿਨਾਂ ਦੇ ਅੰਦਰ-2 ਦਰਜ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਰਹਿੰਦੇ ਈ ਕਾਰਡ ਬਣਾਉਣ ਲਈ ਪਿੰਡਾਂ ਵਿੱਚ ਕੈਂਪ ਲਾਉਣ ਸਬੰਧੀ ਪਲਾਨ ਤਿਆਰ ਕਰਨ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਕੁਆਲਟੀ ਅਸ਼ੋਰੈਂਸ ਕਮੇਟੀ ਦੀ ਮੀਟਿੰਗ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮਿੰਦਰ ਔਜਲਾ ਨੇ ਦੱਸਿਆ ਕਿ ਨੈਸ਼ਨਲ ਕੁਆਲਟੀ ਅਸ਼ੋਰੈਂਸ ਸਟੈਂਡਰਡ ਤਹਿਤ ਸਰਟੀਫਿਕੇਸ਼ਨ ਲਈ ਹੈਲਥ ਵੈਲਨੈਸ ਸੈਂਟਰ ਕੱਟੂ (ਬਲਾਕ ਧਨੌਲਾ) ਲਈ ਅਪਲਾਈ ਕੀਤਾ ਹੈ ਜੋਕਿ ਅਪਲਾਈ ਕਰਨ ਵਾਲਾ ਪੰਜਾਬ ਦਾ ਪਹਿਲਾ ਹੈਲਥ ਵੈਲਨੈਸ ਸੈਂਟਰ ਹੈ, ਇਸ ਵਾਸਤੇ ਨੈਸ਼ਨਲ ਹੈਲਥ ਸਿਸਟਮ ਰਸੋਰਸ ਸੈਂਟਰ ਟੀਮ ਵਲੋਂ 12 ਜੂਨ ਨੂੰ ਇੰਸਪੈਕਸ਼ਨ ਕੀਤੀ ਜਾਣੀ ਹੈ। ਇਸ ਮੌਕੇ ਕਾਇਆਕਲਪ ਪ੍ਰੋਗਰਾਮ 2022-23 ਵਿੱਚ ਜ਼ਿਲ੍ਹਾ ਹਸਪਤਾਲ ਬਰਨਾਲਾ ਦੇ ਮੋਹਰੀ ਆਉਣ ਦੀ ਸ਼ਲਾਘਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਆਉਂਦੇ ਸਮੇਂ ਵੀ ਬਿਹਤਰ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਕਿਹਾ ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਮਨੋਹਰ ਲਾਲਾ, ਜ਼ਿਲ੍ਹਾ ਐਸਐਮਓ ਡਾਕਟਰ ਤਪਿੰਦਰਜੋਤ ਕੌਸ਼ਲ, ਐਸਐਮਓ ਡਾਕਟਰ ਸਤਵੰਤ ਔਜਲਾ, ਐਸਐਮਓ ਨਵਜੋਤਪਾਲ ਭੁੱਲਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਪਰਵੇਸ਼ ਤੇ ਸਿਹਤ ਵਿਭਾਗ ਦਾ ਹੋਰ ਸਟਾਫ਼ ਹਾਜ਼ਰ ਸੀ।