ਰੂਪਨਗਰ, 6 ਫ਼ਰਵਰੀ : ਰੂਪਨਗਰ ਦੇ ਨੰਗਲ ਵਿੱਚ ਕੈਬਿਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਸਡੀਐਮ ਦਫ਼ਤਰ ਵਿੱਚ ਅਚਾਨਕ ਛਾਪਾ ਮਾਰਿਆ ਅਤੇ ਦਫ਼ਤਰ ਵਿੱਚ ਤੈਨਾਤ ਕਈ ਕਰਮਚਾਰੀ ਡਿਊਟੀ ਤੋਂ ਗੈਰ-ਹਾਜ਼ਰ ਮਿਲੇ। ਇਸ ਦੇ ਨਾਲ ਹੀ ਜਿਹੜੇ ਮੁਲਾਜ਼ਮ ਆ ਰਹੇ ਸਨ ਉਹ ਵੀ ਦੇਰੀ ਨਾਲ ਹੀ ਪਹੁੰਚੇ। ਮੰਤਰੀ ਬੈਂਸ ਨੇ ਗੈਰ-ਹਾਜ਼ਰ ਪਾਏ ਗਏ ਸਾਰੇ ਕਰਮਚਾਰੀਆਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰ ਕਾਊਂਟਰ ਦੇ ਸਾਹਮਣੇ ਜਾ ਕੇ ਸਟਾਫ਼ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਉਨਾਂ ਦਫਤਰ ਦੇ ਕੰਮ-ਕਾਜ ’ਚ ਤਰੁੱਟੀਆਂ ਨੂੰ ਵੇਖਦਿਆਂ ਮੌਜ਼ਦੂ ਸਾਰੇ ਮੁਲਾਜ਼ਮਾਂ ਨੂੰ ਆਮ ਲੋਕਾਂ ਦੇ ਜਿੰਨੇ ਵੀ ਕੰਮ ਪੈਂਡਿੰਗ ਹਨ ਇੱਕ ਹਫਤੇ ਅੰਦਰ ਕਰਨ ਦੇ ਆਦੇਸ਼ ਦਿੱਤੇ ਹਨ। ਕੈਬਨਿਟ ਮੰਤਰੀ ਬੈਂਸ ਨੇ ਅਗਲੇ ਸੋਮਵਾਰ ਨੂੰ ਮੁੜ ਜਾਂਚ ਕਰਨ ਲਈ ਕਿਹਾ ਹੈ। ਮੰਤਰੀ ਬੈਂਸ ਨੇ ਐਸਡੀਐਮ ਦਫ਼ਤਰ ਦਾ ਰਿਕਾਰਡ ਵੀ ਚੈੱਕ ਕੀਤਾ। ਇਸ ਦੇ ਨਾਲ ਹੀ ਮੁਲਾਜ਼ਮਾਂ ਦੇ ਦਫ਼ਤਰ ਪਹੁੰਚਣ ਦੇ ਸਮੇਂ ਅਤੇ ਵਾਪਸੀ ਦੇ ਸਮੇਂ ਬਾਰੇ ਵੀ ਜਾਣਕਾਰੀ ਲਈ ਗਈ। ਨਾਲ ਹੀ ਸਾਰੇ ਕਰਮਚਾਰੀਆਂ ਨੂੰ ਭਵਿੱਖ ਲਈ ਚੌਕਸੀ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਚਿਤਾਵਨੀ ਦਿੱਤੀ। ਉਨਾਂ ਨੇ ਦਫਤਰ ਦੇ ਸਾਰੇ ਮੁਲਾਜ਼ਮਾਂ ਨੂੰ ਕੰਮ ਸਮੇਂ ਸਿਰ ਨਿਪਟਾਉਣ ਤੇ ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਹਨ।