- ਸਬਸਿਡੀ ਤੇ ਖੇਤੀ ਮਸ਼ੀਨਾਂ ਦੇਣ ਵਾਸਤੇ ਕੱਢੇ ਗਏ ਆਨ ਲਾਇਨ ਡਰਾਅ
ਫ਼ਤਹਿਗੜ੍ਹ ਸਾਹਿਬ, 26 ਜੁਲਾਈ 2024 : ਧਰਤੀ ਹੇਠਲੇ ਪਾਣੀ ਦੀ ਬੱਚਤ ਅਤੇ ਪਰਾਲੀ ਨੂੰ ਖੇਤ ਵਿੱਚ ਵਾਹੁਣ ਸਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2024-25 ਦੌਰਾਨ ਸੀ.ਆਰ.ਐਮ.ਇਨ-ਸੀਟੂ ਸਕੀਮ ਕਿਸਾਨਾਂ ਨੂੰ ਅਧੀਨ 07 ਕਰੋੜ ਰੁਪਏ ਦੀ ਸਬਸਿਡੀ ਤੇ ਵੱਖ-ਵੱਖ ਖੇਤੀ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਨੋਂ ਦਿਨ ਵੱਧ ਰਹੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਵਾਸਤੇ ਚਲਾਈ ਜਾ ਰਹੀ ਮੁਹਿੰਮ ਅਧੀਨ ਕਿਸਾਨਾਂ ਨੂੰ ਸਬਸਿਡੀ ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਦਾ ਖਾਤਮਾ ਕੀਤਾ ਜਾ ਸਕੇ। ਸ਼੍ਰੀਮਤੀ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਚਾਲੂ ਮਾਲੀ ਸਾਲ ਦੌਰਾਨ ਨਿੱਜੀ ਕਿਸਾਨਾਂ ਨੂੰ 135 ਸੁਪਰ ਸੀਡਰ, 14 ਐਮ.ਬੀ.ਪਲਾਓ, 18 ਬੇਲਰ ਅਤੇ 18 ਰੈਕ ਮੁਹੱਈਆ ਕਰਵਾਏ ਜਾਣਗੇ ਜਦੋਂ ਕਿ 10 ਕਿਸਾਨ ਭਲਾਈ ਗਰੁੱਪਾਂ ਨੂੰ 55 ਮਸ਼ੀਨਾਂ ਅਤੇ 01 ਫਾਰਮ ਪ੍ਰਡਿਊਸਡ ਓਰਗੇਨਾਈਜੇਸ਼ਨ ਨੂੰ 5 ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਖੇਤੀ ਮਸ਼ੀਨਰੀ ਨਿੱਜੀ ਕਿਸਾਨਾਂ ਤੇ ਕਿਸਾਨ ਗਰੁੱਪਾਂ ਨੂੰ 50 ਫੀਸਦੀ ਤੋਂ 80 ਫੀਸਦੀ ਸਬਸਿਡੀ ਤੇ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਦਿਨੋਂ ਦਿਨ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਬਸਿਡੀ ਤੇ ਖੇਤੀ ਮਸ਼ੀਨਾਂ ਦੇਣ ਵਾਸਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਮਾਲ ਅਫਸਰ ਸ਼੍ਰੀ ਅਮਨਦੀਪ ਚਾਵਲਾ ਦੀ ਅਗਵਾਈ ਹੇਠ ਆਨ ਲਾਇਨ ਡਰਾਅ ਕੱਢੇ ਗਏ ਹਨ। ਉਨ੍ਹਾਂ ਦੱਸਿਆ ਕਿ ਸੀ.ਆਰ.ਐਮ. ਇੰਨ-ਸੀਟੂ ਸਕੀਮ ਅਧੀਨ ਨਿੱਜੀ ਕਿਸਾਨਾਂ, ਕਿਸਾਨ ਭਲਾਈ ਗਰੁੱਪਾਂ ਤੇ ਫਾਰਮਰ ਪ੍ਰਡਿਊਸਡ ਓਰਗੇਨਾਈਜੇਸ਼ਨ ਵੱਲੋਂ ਆਨ ਲਾਇਨ ਪੋਰਟਲ ਰਾਹੀਂ ਪ੍ਰਾਪਤ ਹੋਈਆਂ ਅਰਜੀਆਂ ਵਿੱਚੋਂ ਪ੍ਰਾਪਤ ਬਜਟ ਤੇ ਟੀਚਿਆਂ ਅਨੁਸਾਰ ਜਿਹੜੀਆਂ ਮਸ਼ੀਨਾਂ ਲਈ ਟੀਚੇ ਨਾਲੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਉਨ੍ਹਾਂ ਮਸ਼ੀਨਾਂ ਦੇ ਟੀਚੇ ਅਨੁਸਾਰ ਬਿਨੈਕਾਰਾਂ ਦੀ ਕੰਪਿਊਟਰਾਈਜ਼ਡ ਰੈਂਡੇਮਾਈਜੇਸ਼ਨ ਰਾਹੀਂ ਜ਼ਿਲ੍ਹਾ ਪੱਧਰੀ ਕਮੇਟੀ ਦੀ ਹਾਜਰੀ ਵਿੱਚ ਕੀਤੀ ਗਈ ਹੈ। ਟੀਚਿਆਂ ਨਾਲੋਂ ਘੱਟ ਅਰਜ਼ੀਆਂ ਪ੍ਰਾਪਤ ਹੋਣ ਵਾਲੀਆਂ ਮਸ਼ੀਨਾਂ ਦੀ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਪ੍ਰਵਾਨਗੀ ਜਾਰੀ ਕਰ ਦਿੱਤੀ ਗਈ ਹੈ।