ਫ਼ਾਜ਼ਿਲਕਾ, 30 ਜੂਨ : ਪੰਜਾਬ ਸਰਕਾਰ ਵੱਲੋਂ ਨਾਗਰਿਕਾਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਵੱਖ-ਵੱਖ ਸੇਵਾਵਾਂ ਇਕ ਛੱਤ ਹੇਠ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤਾ ਗਿਆ ਈ.ਸੇਵਾ ਪੋਰਟਲ ਕਾਫੀ ਕਾਰਗਰ ਸਿੱਧ ਹੋ ਰਿਹਾ ਹੈ। ਜ਼ਿਲ੍ਹੇ ਦੇ ਨਾਗਰਿਕਾਂ ਨੂੰ ਖਜਲ-ਖੁਆਰੀ ਤੋਂ ਛੁਟਕਾਰਾ ਮਿਲਦਿਆਂ ਸੇਵਾ ਕੇਂਦਰਾਂ ਵਿਖੇ ਅਨੇਕਾਂ ਸੇਵਾਵਾਂ ਦਾ ਲਾਹਾ ਮਿਲ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਕਰਦਿਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ 1 ਜਨਵਰੀ 2023 ਤੋਂ 31 ਮਈ 2023 ਤੱਕ 61163 ਨਾਗਰਿਕਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਅਧੀਨ 21 ਸੇਵਾ ਕੇਂਦਰ ਚੱਲ ਰਹੇ ਹਨ ਜਿਸ ਵਿਚ 429 ਤਰ੍ਹਾਂ ਦੀਆਂ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੁੰ ਵੱਖ-ਵੱਖ ਦਫਤਰਾਂ ਨਾ ਜਾਣਾ ਪਵੇ ਇਸ ਲਈ ਇਕੋ ਸਾਂਝੀ ਥਾਂ *ਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਹਿਤ ਸੇਵਾਵਾਂ ਦਾ ਲਾਹਾ ਜਨਤਾ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਨਾਲ ਲੋਕਾਂ ਦੀ ਖਜਲ-ਖੁਆਰੀ ਘੱਟੀ ਹੈ ਤੇ ਸਮੇਂ ਦੇ ਨਾਲ-ਨਾਲ ਬੇਲੋੜੇ ਖਰਚੇ ਵੀ ਘੱਟੇ ਹਨ। ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਸ. ਗਗਨਦੀਪ ਸਿੰਘ ਨੇ ਦੱਸਿਆ ਕਿ 1 ਜਨਵਰੀ 2023 ਤੋਂ 31 ਮਈ 2023 ਦੌਰਾਨ 63021 ਨਾਗਰਿਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਹਾਸਲ ਕਰਨ ਲਈ ਅਪਲਾਈ ਕੀਤਾ ਗਿਆ ਸੀ ਜਿਸ ਵਿਚੋਂ 61163 ਦਰਖਾਸਤਾਂ ਦਾ ਮਿਤੀਬਧ ਸਮੇਂ ਅੰਦਰ ਸਬੰਧਤ ਵਿਭਾਗੀ ਅਧਿਕਾਰੀਆਂ ਵੱਲੋਂ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਤੋਂ ਸਭ ਤੋਂ ਵਧੇਰੇ ਰਿਹਾਇਸ਼ੀ ਸਰਟੀਫਿਕੇਟ 7528 ਨਾਗਰਿਕਾਂ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ 5906 ਐਸ.ਸੀ. ਜਾਤੀ ਸਰਟੀਫਿਕੇਟ, 5426 ਓ.ਬੀ.ਸੀ./ਬੀ.ਸੀ. ਸਰਟੀਫਿਕੇਟ, 4345 ਮਾਲ ਰਿਕਾਰਡ,2912 ਜਨਮ ਸਰਟੀਫਿਕੇਟ ਸੇਵਾ ਆਦਿ ਹੋਰ ਅਨੇਕਾ ਸੇਵਾਵਾਂ ਜੋ ਕਿ ਸੇਵਾ ਕੇਂਦਰ ਤੋਂ ਬੜੇ ਸੁਖਾਲੇ ਢੰਗ ਨਾਲ ਨਾਗਰਿਕਾਂ ਵੱਲੋਂ ਸਕੀਮਾਂ/ਯੋਜਨਾਵਾਂ ਦਾ ਲਾਹਾ ਹਾਸਲ ਕੀਤਾ ਗਿਆ ਹੈ। ਡੀ.ਟੀ.ਸੀ. ਸ੍ਰੀ ਮਨੀਸ਼ ਠਕਰਾਲ ਨੇ ਦੱਸਿਆ ਕਿ ਲੋਕਾਂ ਦੀ ਸੁਵਿਧਾ ਨੂੰ ਦੇਖਦੇ ਹੋਏ ਜ਼ਿਲੇਹ ਦੇ ਸਮੂਹ ਸੇਵਾ ਕੇਂਦਰਾਂ ਵਿਖੇ ਸਕੀਮਾਂ ਸਬੰਧੀ ਜਾਗਰੂਕਤਾ ਬੈਨਰ ਵੀ ਲਗਾਏ ਗਏ ਹਨ ਜਿਸ *ਤੇ ਸਕੀਮਾਂ ਸਬੰਧੀ ਵੇਰਵੇ ਸਹਿਤ ਦਰਸ਼ਾਇਆ ਗਿਆ ਹੈ ਚਾਹੇ ਉਹ ਆਧਾਰ ਕਾਰਡ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਮਾਲ ਵਿਭਾਗ, ਗ੍ਰਹਿਮ ਮਾਮਲੇ ਤੇ ਨਿਆਂ ਵਿਭਾਗ, ਲੇਬਰ ਵਿਭਾਗ, ਪ੍ਰਸੋਨਲ ਵਿਭਾਗ, ਪਾਵਰ ਵਿਭਾਗ, ਟਰਾਂਸਪੋਰਟ ਵਿਭਾਗ, ਸੈਨੀਟੇਸ਼ਨ ਵਿਭਾਗ, ਸਾਂਝ ਵਿਭਾਗ ਆਦਿ ਹੋਰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਬਾਰੇ ਵੇਰਵੇ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੇਵਾ ਕੇਂਦਰ ਵੱਲੋਂ ਕਿਓ.ਆਰ. ਕੋਡ ਵੀ ਤਿਆਰ ਕੀਤਾ ਗਿਆ ਹੈ ਜਿਸ ਤੋਂ ਸੇਵਾ ਕੇਂਦਰਾਂ ਵਿਖੇ ਮੁਹੱਈਆ ਕਰਵਾਈਆਂ ਜ਼ਾਂਦੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।