- ਕੈਬਨਿਟ ਮੰਤਰੀ ਮਾਨ ਵਲੋਂ ਲੁਧਿਆਣਾ 'ਚ ਫਲਿੱਪਕਾਰਟ ਦੇ ਪਹਿਲੇ ਗ੍ਰੋਸਰੀ ਪੂਰਤੀ ਕੇਂਦਰ ਦਾ ਉਦਘਾਟਨ
- ਕਿਹਾ! ਇਹ ਨਵੀਂ ਸਹੂਲਤ ਐਮ.ਐਸ.ਐਮ.ਈਜ ਅਤੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਮਾਰਕੀਟ ਪਹੁੰਚ ਪ੍ਰਦਾਨ ਕਰੇਗੀ
ਲੁਧਿਆਣਾ, 9 ਅਗਸਤ : ਪੰਜਾਬ ਦੇ ਨਿਵੇਸ਼ ਪ੍ਰੋਤਸਾਹਨ ਮੰਤਰੀ ਅਨਮੋਲ ਗਗਨ ਮਾਨ ਵਲੋਂ ਲੁਧਿਆਣਾ ਜ਼ਿਲ੍ਹੇ ਵਿੱਚ ਫਲਿੱਪਕਾਰਟ ਦੇ ਪੰਜਾਬ ਵਿੱਚ ਪਹਿਲੇ ਗ੍ਰੋਸਰੀ ਦੀ ਪੂਰਤੀ ਕੇਂਦਰ ਦੀ ਸ਼ੁਰੂਆਤ ਕੀਤੀ, ਜੋ ਕਿ ਵੱਡੀ ਗਿਣਤੀ ਵਿੱਚ ਐਮ.ਐਸ.ਐਮ.ਈਜ ਅਤੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰੇਗਾ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਭਰਪੂਰ ਮੌਕੇ ਪੈਦਾ ਕਰੇਗਾ। ਸਥਾਨਕ ਫੋਕਲ ਪੁਆਇੰਟ ਵਿਖੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਨਵਾਂ ਪੂਰਤੀ ਕੇਂਦਰ ਫਲਿੱਪਕਾਰਟ ਦੇ ਸਪਲਾਈ ਚੇਨ ਨੈੱਟਵਰਕ ਦਾ ਹੋਰ ਵਿਸਤਾਰ ਕਰੇਗਾ ਅਤੇ ਪੰਜਾਬ, ਜੰਮੂ ਅਤੇ ਕਸ਼ਮੀਰ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਰਿਆਨੇ ਦੀ ਘਰ-ਘਰ ਡਿਲੀਵਰੀ ਨੂੰ ਸਮਰੱਥ ਕਰੇਗਾ। ਇਸੇ ਤਰ੍ਹਾਂ, ਕੇਂਦਰ ਲਗਭਗ 800 ਸਿੱਧੇ ਅਤੇ ਅਸਿੱਧੇ ਰੁਜ਼ਗਾਰ ਦੇ ਮੌਕੇ ਪੈਦਾ ਕਰੇਗਾ ਅਤੇ ਖੇਤਰ ਦੇ ਹਜ਼ਾਰਾਂ ਐਮ.ਐਸ.ਐਮ.ਈਜ ਅਤੇ ਛੋਟੇ ਕਿਸਾਨਾਂ ਤੱਕ ਪੂਰੇ ਭਾਰਤ ਦੀ ਮਾਰਕੀਟ ਪਹੁੰਚ ਨੂੰ ਸਮਰੱਥ ਕਰੇਗਾ। ਇਨਵੈਸਟ ਪੰਜਾਬ ਬਿਊਰੋ ਦੇ ਸੀ.ਈ.ਓ ਕਮਲ ਕਿਸ਼ੋਰ ਯਾਦਵ, ਚੀਫ ਕਾਰਪੋਰੇਟ ਅਫੇਅਰ ਅਫਸਰ ਫਲਿੱਪਕਾਰਟ ਰਜਨੀਸ਼ ਕੁਮਾਰ, ਫਲਿੱਪਕਾਰਟ ਦੇ ਉਪ ਪ੍ਰਧਾਨ ਅਨਿਲ ਝਾਅ, ਉਦਯੋਗਪਤੀ ਕਮਲ ਓਸਵਾਲ ਦੇ ਨਾਲ ਕੈਬਨਿਟ ਮੰਤਰੀ ਮਾਨ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਦਯੋਗ ਪੱਖੀ ਮਾਹੌਲ ਸਿਰਜਿਆ ਹੈ। ਜਿਸ ਕਾਰਨ ਪੰਜਾਬ ਸੂਬਾ ਨਿਵੇਸ਼ ਲਈ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ। ਸਮਰਪਿਤ ਸਿੰਗਲ ਵਿੰਡੋ ਸਿਸਟਮ ਅਤੇ ਸਸਤੀ ਬਿਜਲੀ ਵਰਗੇ ਚੁੱਕੇ ਗਏ ਵੱਖ-ਵੱਖ ਸ਼ਲਾਘਾਯੋਗ ਕਦਮਾਂ 'ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਸੂਬੇ ਦੇ ਉਦਯੋਗਿਕ ਵਿਕਾਸ ਨਾਲ ਸਮਾਜਿਕ-ਆਰਥਿਕ ਤਬਦੀਲੀਆਂ ਆਉਣਗੀਆਂ ਅਤੇ ਵਿਕਾਸ ਅਤੇ ਖੁਸ਼ਹਾਲੀ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਲਈ ਸਰਕਾਰ ਵੱਲੋਂ ਪਹਿਲਾਂ ਹੀ ਸ਼ਾਸਨ ਅਤੇ ਆਰਥਿਕ ਦੋਵਾਂ ਮੋਰਚਿਆਂ 'ਤੇ ਕਈ ਸੁਧਾਰ ਕੀਤੇ ਜਾ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਨਿਰਵਿਘਨ ਬਿਜਲੀ, ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ, ਸਰਕਾਰੀ ਸਹਾਇਤਾ ਅਤੇ ਉਦਯੋਗ ਪੱਖੀ ਨੀਤੀਆਂ ਦੇ ਨਾਲ ਹੁਨਰਮੰਦ ਕਾਮਿਆਂ ਦਾ ਪੂਲ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਵੇਗਾ। ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਇਹ ਕਰਿਆਨੇ ਦੀ ਸਹੂਲਤ ਸੂਬੇ ਦੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਨਵੇਂ ਮੌਕੇ ਪ੍ਰਦਾਨ ਕਰੇਗੀ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨਵੇਂ ਉਦਯੋਗਾਂ ਅਤੇ ਨਿਵੇਸ਼ਕਾਂ ਨੂੰ ਆਪਣੇ ਕਾਰੋਬਾਰ ਸਥਾਪਤ ਕਰਨ ਦੌਰਾਨ ਸਹਿਜ ਅਨੁਭਵ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਵੀਂ ਉਦਯੋਗਿਕ ਨੀਤੀ ਲੈ ਕੇ ਆਈ ਹੈ ਜੋ ਕਿ ਸੂਬੇ ਦੇ ਵਪਾਰੀ ਭਾਈਚਾਰੇ ਨਾਲ 10 ਮਹੀਨਿਆਂ ਦੀ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਤਿਆਰ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਅਤੇ ਉਮੀਦਾਂ ਨੂੰ ਪਾਲਿਸੀ ਵਿੱਚ ਪੂਰਾ ਕੀਤਾ ਜਾ ਸਕੇ। ਸੂਬੇ ਦੇ ਵਿਕਾਸ ਲਈ ਉਦਯੋਗਾਂ ਨੂੰ ਵਿਕਾਸ ਇੰਜਣ ਕਰਾਰ ਦਿੰਦਿਆਂ ਮਿਸ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨਾ ਸਿਰਫ਼ ਨਵੇਂ ਨਿਵੇਸ਼ਾਂ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ ਸਗੋਂ ਮੌਜੂਦਾ ਉਦਯੋਗਾਂ ਨੂੰ ਵਿਕਾਸ ਦੇ ਭਰਪੂਰ ਮੌਕੇ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਵੇਂ ਉਦਯੋਗਾਂ ਅਤੇ ਮੌਜੂਦਾ ਉਦਯੋਗਾਂ ਸਬੰਧੀ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਸਮਾਂਬੱਧ ਢੰਗ ਨਾਲ ਜਾਰੀ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਲੁਧਿਆਣਾ ਵਿੱਚ ਇਹ ਸਹੂਲਤ ਸਥਾਪਤ ਕਰਨ ਲਈ ਫਲਿੱਪਕਾਰਟ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਕੰਪਨੀ ਦੇ ਭਵਿੱਖ ਦੇ ਯਤਨਾਂ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਪੂਰਾ ਸਹਿਯੋਗ ਦਿੱਤਾ। ਪੰਜਾਬ ਦੇ ਪਹਿਲੇ ਕਰਿਆਨੇ ਦੀ ਪੂਰਤੀ ਕੇਂਦਰ ਬਾਰੇ ਜਾਣਕਾਰੀ ਦਿੰਦੇ ਹੋਏ, ਮੁੱਖ ਕਾਰਪੋਰੇਟ ਅਫੇਅਰ ਅਫਸਰ ਫਲਿੱਪਕਾਰਟ ਰਜਨੀਸ਼ ਕੁਮਾਰ ਨੇ ਦੱਸਿਆ ਕਿ ਇਹ ਕੇਂਦਰ ਗ੍ਰਾਹਕਾਂ ਨੂੰ ਘਰੇਲੂ ਵਰਤੋਂ ਲਈ ਉਤਪਾਦਾਂ ਦੀ ਇੱਕ ਵਿਸ਼ਾਲ ਕਿਸਮ ਦੀ ਪੇਸ਼ਕਸ਼ ਕਰੇਗਾ ਜਿਸ ਵਿੱਚ ਸਟੈਪਲਜ਼, ਚਾਹ, ਸਨੈਕਸ ਅਤੇ ਪੀਣ ਵਾਲੇ ਪਦਾਰਥ, ਕਨਫੈਕਸ਼ਨਰੀ, ਨਿੱਜੀ ਦੇਖਭਾਲ ਸਮੇਤ ਵੱਖ-ਵੱਖ ਸ਼੍ਰੇਣੀਆਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਸਹੂਲਤ 80,000 ਵਰਗ ਫੁੱਟ ਵਿੱਚ ਫੈਲੀ ਹੋਈ ਹੈ ਜਿਸ ਦੀ 1 ਲੱਖ ਯੂਨਿਟ ਪ੍ਰਤੀ ਦਿਨ ਦੀ ਡਿਸਪੈਚ ਸਮਰੱਥਾ ਹੈ ਅਤੇ ਇਹ ਅੰਮ੍ਰਿਤਸਰ, ਅੰਬਾਲਾ, ਚੰਡੀਗੜ੍ਹ, ਜਲੰਧਰ, ਮੰਡੀ ਸ਼ਿਮਲਾ ਸਮੇਤ ਕਈ ਸ਼ਹਿਰਾਂ ਅਤੇ ਕਸਬਿਆਂ ਵਿੱਚ 600 ਤੋਂ ਵੱਧ ਪਿੰਨ ਕੋਡਾਂ ਦੀ ਕਰਿਆਨੇ ਦੀਆਂ ਲੋੜਾਂ ਨੂੰ ਪੂਰਾ ਕਰੇਗੀ।