- ਮੁੱਖ ਮੰਤਰੀ, ਸਪੀਕਰ ਸਮੇਤ ਹੋਰ ਮੰਤਰੀਆਂ ਨੂੰ ਮਿਲੇ ਵਿਦਿਆਰਥੀ, ਪੰਜਾਬ ਭਵਨ ਦਾ ਕੀਤਾ ਦੌਰਾ
- ਮੋਹਰੀ ਵਿਦਿਆਰਥੀਆਂ ਦੇ ਪਹਿਲੇ ਬੈਚ ਵਜੋਂ ਵਿਧਾਨ ਸਭਾ ਪੁੱਜੇ ਵਿਦਿਆਰਥੀ
ਬਰਨਾਲਾ, 21 ਜੂੁਨ : ਕੈਬਨਿਟ ਮੰਤਰੀ ਸ. ਗੁਰਮੀਤ ਸਿੰੰਘ ਮੀਤ ਹੇਅਰ ਦੇ ਯਤਨਾਂ ਸਦਕਾ ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਦੇ ਮੋਹਰੀ ਸਥਾਨਾਂ ਵਾਲੇ 9 ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਦੇਖਣ ਦਾ ਮੌਕਾ ਮਿਲਿਆ। ਇਸ ਮੌਕੇ ਵਿਦਿਆਰਥੀਆਂ ਨੇ ਜਿੱਥੇ ਵਿਧਾਨ ਸਭਾ ਦੀ ਲਾਈਵ ਕਾਰਵਾਈ ਦੇਖੀ, ਉਥੇ ਮੰਤਰੀ ਮੀਤ ਹੇਅਰ ਵੱਲੋਂ ਉਨ੍ਹਾਂ ਨੂੰ ਪੰਜਾਬ ਭਵਨ ਦਾ ਦੌਰਾ ਕਰਵਾਇਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ, ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੂੰ ਮਿਲੇ ਅਤੇ ਆਪਣਾ ਤਜਰਬਾ ਸਾਂਝਾ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਸ. ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਉਨ੍ਹਾਂ ਨੂੰ ਜ਼ਿੰਦਗੀ ਦੇ ਵੱਖ ਵੱਖ ਪੱਖਾਂ ਦਾ ਤਜਰਬਾ ਤੇ ਵੱਖ ਵੱਖ ਵਿਸ਼ਿਆਂ ਦੀ ਪ੍ਰੈਕਟੀਕਲ ਤੌਰ ’ਤੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈੈ, ਜਿਸ ਤਹਿਤ ਇਹ ਪਹਿਲ ਕੀਤੀ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਦਿਖਾਉਣ ਲਈ ਇਸ ਵਾਰ ਟੌਪਰ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਹੈ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ਦੇ ਇਹ ਵਿਦਿਆਰਥੀ ਵਿਧਾਨ ਸਭਾ ਪੁੱਜੇ ਹਨ ਤੇ ਆਉਂਦੇ ਸਮੇਂ ਵੀ ਵਿਦਿਆਰਥੀਆਂ ਨੂੰ ਅਜਿਹਾ ਤਜਰਬਾ ਕਰਵਾਇਆ ਜਾਵੇਗਾ। ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ, ਸਰਕਾਰੀ ਸੀਨੀਅਰ ਸੈਕੰਡਰੀ (ਲੜਕੀਆਂ) ਬਰਨਾਲਾ ਦੇ ਪ੍ਰਿੰਸੀਪਲ ਵਿਨਸੀ ਜਿੰਦਲ, ਅਧਿਆਪਕ ਪੰਕਜ ਗੋਇਲ ਹਾਜ਼ਰ ਸਨ।