ਲੁਧਿਆਣਾ, 11 ਜਨਵਰੀ : ਲੁਧਿਆਣਾ ਦੀ ਐਸ.ਟੀ.ਐਫ ਦੀ ਟੀਮ ਨੇ ਇਕ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਕਥਿਤ ਦੋਸ਼ੀ ਕੋਲੋਂ 1 ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 6 ਕਰੋੜ ਰੁਪਏ ਤੋਂ ਵੱਧ ਹੈ। ਉਸ ਦਾ ਸਾਥੀ ਅਜੇ ਫਰਾਰ ਹੈ। ਥਾਣਾ ਐਸਟੀਐਫ ਨੇ ਘੋੜਾ ਕਲੋਨੀ ਦੇ ਆਕਾਸ਼ ਕੁਮਾਰ ਉਰਫ਼ ਸੂਦੀ ਅਤੇ ਪ੍ਰੀਤ ਨਗਰ ਦੇ ਮਨਜੀਤ ਸਿੰਘ ਉਰਫ਼ ਮੰਨੂ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮ ਆਕਾਸ਼ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਲਿਆ ਹੈ। ਡੀਐਸਪੀ ਐਸਟੀਐਫ ਦਵਿੰਦਰ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਨਜੀਤ ਹੈਰੋਇਨ ਦੀ ਖੇਪ ਦੇ ਕੇ ਮੁਲਜ਼ਮ ਆਕਾਸ਼ ਨੂੰ ਐਕਟਿਵਾ ’ਤੇ ਭੇਜ ਰਿਹਾ ਸੀ। ਸੂਚਨਾ ਦੇ ਆਧਾਰ ’ਤੇ ਪੁਲਸ ਨੇ ਤਾਜਪੁਰ ਰੋਡ ’ਤੇ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹੈਰੋਇਨ ਸਪਲਾਈ ਵਿੱਚ ਅਕਾਸ਼ ਨੂੰ ਨਸ਼ਾ ਸਪਲਾਈ ਕਰਨ ਲਈ ਕਮਿਸ਼ਨ ਦਿੱਤਾ ਗਿਆ ਸੀ। ਐਸਐਚਓ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਨਜੀਤ ਸਿੰਘ ਮੁੱਖ ਸਮੱਗਲਰ ਹੈ। ਜਦਕਿ ਆਕਾਸ਼ ਉਸ ਦੇ ਕੋਲ ਹੀ ਕੰਮ ਕਰਦਾ ਸੀ। ਆਕਾਸ਼ ਨਸ਼ੇ ਦੀ ਸਪਲਾਈ ਲਈ ਕਮਿਸ਼ਨ ਲੈਂਦਾ ਸੀ। ਫਿਲਹਾਲ ਮਨਜੀਤ ਦੀ ਭਾਲ ਜਾਰੀ ਹੈ। ਆਕਾਸ਼ ਨੇ ਹੋਰ ਕੋਈ ਕੰਮ ਨਹੀਂ ਕਰਦਾ, ਉਹ ਲੰਬੇ ਸਮੇਂ ਤੋਂ ਸਿਰਫ ਤਸਕਰੀ ਕਰ ਰਿਹਾ ਹੈ ਅਤੇ ਖੁਦ ਵੀ ਨਸ਼ੇ ਦਾ ਆਦੀ ਹੈ। ਜਦਕਿ ਮਨਜੀਤ ’ਤੇ ਪਹਿਲਾਂ ਵੀ ਨਸ਼ਾ ਤਸਕਰੀ ਦਾ ਮਾਮਲਾ ਦਰਜ ਹੈ। ਉਹ ਕਰੀਬ ਸੱਤ ਮਹੀਨੇ ਪਹਿਲਾਂ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਉਸ ਨੇ ਬਾਹਰ ਆ ਕੇ ਫਿਰ ਤਸਕਰੀ ਸ਼ੁਰੂ ਕਰ ਦਿੱਤੀ। ਉਸ ’ਤੇ ਅਗਵਾ ਅਤੇ ਬਲਾਤਕਾਰ ਕੇਸ ਵੀ ਹੈ ਜਿਸ ਲਈ ਉਹ 2 ਸਾਲ ਦੀ ਸਜਾ ਕੱਟ ਚੁੱਕਿਆ ਹੈ।