- ਤੀਆਂ ਦਾ ਤਿਓਹਾਰ ਪੰਜਾਬ ਦੇ ਅਮੀਰ ਵਿਰਸੇ ਦਾ ਅਹਿਮ ਹਿੱਸਾ
- ਲੜਕੀਆਂ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕਰਨਾ ਸਾਡਾ ਸਾਰਿਆਂ ਦਾ ਫਰਜ਼
- ਕੈਬਨਿਟ ਮੰਤਰੀ ਜੌੜੇਮਾਜਰਾ ਨੇ ਪਿੰਡਾਂ ਵਿੱਚ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਦਾ ਦਿੱਤਾ ਸੱਦਾ
- ਨਸ਼ਿਆਂ ਦੇ ਆਦੀ ਹੋਏ ਨੌਜਵਾਨਾਂ ਬਾਰੇ ਸਰਕਾਰ ਨੂੰ ਦੱਸਣ ਮਾਪੇ
- ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜੇਮਾਜਰਾ ਨੇ ਪਿੰਡ ਲਟੌਰ ਵਿਖੇ ਮਨਾਏ ਤੀਆਂ ਦੇ ਤਿਓਹਾਰ ਵਿੱਚ ਕੀਤੀ ਸ਼ਿਰਕਤ
ਫ਼ਤਹਿਗੜ੍ਹ ਸਾਹਿਬ, 10 ਅਗਸਤ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਮੁੜ ਤੋਂ ਹੱਸਦਾ, ਵੱਸਦਾ ਤੇ ਰੰਗਲਾ ਬਣਾਉਣ ਲਈ ਵੇਖਿਆ ਗਿਆ ਸੁਪਨਾ ਪੂਰਾ ਹੋਣਾ ਸ਼ੁਰੂ ਹੋ ਚੁੱਕਾ ਹੈ ਅਤੇ ਅੱਜ ਸਾਡੇ ਪਿੰਡਾਂ ਤੇ ਖੇਡ ਮੈਦਾਨਾਂ ਵਿੱਚ ਮੁੜ ਤੋਂ ਮੇਲੇ ਲੱਗਣੇ ਸ਼ੁਰੂ ਹੋ ਗਏ ਹਨ ਜੋ ਕਿ ਇਹ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੇ ਚੋਹਤਰਫਾ ਵਿਕਾਸ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜੇਮਾਜਰਾ ਨੇ ਪਿੰਡ ਲਟੌਰ ਵਿਖੇ ਮਨਾਏ ਗਏ ਤੀਆਂ ਦੇ ਤਿਓਹਾਰ ਵਿੱਚ ਸ਼ਿਰਕਤ ਕਰਨ ਸਮੇਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੇ ਉਹ ਸਮਾਂ ਵੀ ਵੇਖਿਆ ਹੈ ਜਦੋਂ ਸਾਡੇ ਖੇਡ ਮੈਦਾਨ ਤੇ ਪਿੰਡਾਂ ਦੀਆਂ ਸੱਥਾਂ ਖਾਲੀ ਹੋ ਰਹੀਆਂ ਸਨ ਪ੍ਰੰਤੂ ਜਦੋਂ ਹੀ ਸ. ਭਗਵੰਤ ਸਿੰਘ ਮਾਨ ਨੇ ਬਤੌਰ ਮੁੱਖ ਮੰਤਰੀ ਕਾਰਜ ਭਾਰ ਸੰਭਾਲਿਆ ਤਾਂ ਸੂਬੇ ਨੂੰ ਮੁੜ ਤੋਂ ਖੁਸ਼ਹਾਲ ਵਿਖਾਉਣ ਲਈ ਪੂਰੀ ਗੰਭੀਰਤਾ ਨਾਲ ਕੀਤੇ ਗਏ ਕੰਮਾਂ ਬਦੌਲਤ ਅੱਜ ਮੁੜ ਤੋਂ ਖੇਡ ਮੈਦਾਨਾਂ ਵਿੱਚ ਨੌਜਵਾਨਾਂ ਦੀ ਗਿਣਤੀ ਵੱਧਣ ਲੱਗ ਪਈ ਹੈ ਅਤੇ ਪਿੰਡਾਂ ਦੀਆਂ ਸੱਥਾਂ ਤੇ ਹੋਰ ਥਾਵਾਂ ਤੇ ਵੱਖ-ਵੱਖ ਖੇਡ ਮੇਲੇ ਤੇ ਤੀਆਂ ਦੇ ਮੇਲੇ ਲੱਗਣੇ ਸ਼ੁਰੂ ਹੋ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਤੀਆਂ ਦਾ ਤਿਓਹਾਰ ਪੰਜਾਬ ਦੇ ਅਮੀਰ ਵਿਰਸੇ ਦਾ ਅਹਿਮ ਅੰਗ ਹੈ। ਉਨ੍ਹਾਂ ਕਿਹਾ ਕਿ ਇਹ ਤਿਓਹਾਰ ਲੜਕੀਆਂ ਵੱਲੋਂ ਮਨਾਇਆ ਜਾਂਦਾ ਸੀ ਅਤੇ ਸੌਹਰੇ ਘਰ ਰਹਿੰਦੀ ਭੈਣ ਵੱਲੋਂ ਸੰਧਾਰਾ ਦੇਣ ਲਈ ਆਉਣ ਵਾਲੇ ਭਾਈ ਦੀ ਉਡੀਕ ਕਰਦੀਆਂ ਸਨ ਤੇ ਸੇਹਲੀਆਂ ਨਾਲ ਪੀਘਾਂ ਝੂਟ ਕੇ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਗਿੱਧਾ ਤੇ ਬੋਲੀਆਂ ਨਾਲ ਆਪਣੇ ਮਨ ਦੀ ਗੱਲ ਹੋਰਨਾਂ ਤੱਕ ਪਹੁੰਚਾਉਂਦੀਆਂ ਸਨ। ਉਨ੍ਹਾਂ ਕਿਹਾ ਕਿ ਅਜਿਹਾ ਸਾਡੇ ਪੰਜਾਬ ਅੰਦਰ ਹੀ ਹੋ ਸਕਦਾ ਹੈ, ਕਿਉਂਕਿ ਪੰਜਾਬੀਆਂ ਨੇ ਆਪਣੀਆਂ ਬੇਟੀਆਂ ਨੂੰ ਹਮੇਸ਼ਾਂ ਹੀ ਬੇਟਿਆਂ ਨਾਲੋਂ ਵੱਧ ਕੇ ਪਿਆਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਤਕਨਾਲੌਜੀ ਦੇ ਇਸ ਯੁੱਗ ਵਿੱਚ ਪੁਰਣੀਆਂ ਰਸਮਾਂ ਤੇ ਰੀਵਾਜ ਨਹੀਂ ਰਹੇ ਪ੍ਰੰਤੂ ਅਜਿਹੇ ਮੇਲੇ ਕਰਵਾ ਕੇ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜ ਸਕਦੇ ਹਾਂ ਜੋ ਕਿ ਅੱਜ ਦੀ ਬਹੁਤ ਵੱਡੀ ਲੋੜ ਹੈ। ਜੌੜੇਮਾਜਰਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਧੀਆਂ ਆਪਣੇ ਮਾਪਿਆਂ ਨੂੰ ਬੇਟਿਆਂ ਨਾਲੋਂ ਵੱਧ ਪਿਆਰ ਕਰਦੀਆਂ ਹਨ ਤੇ ਆਪਣੇ ਮਾਪਿਆਂ ਦੀ ਸਦਾ ਚੜ੍ਹਦੀ ਕਲਾ ਦੀ ਸੁੱਖ ਮੰਗਦੀਆਂ ਰਹਿੰਦੀਆਂ ਹਨ। ਇਸ ਲਈ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਧੀਆਂ ਨੂੰ ਵੀ ਪੁੱਤਰਾਂ ਵਾਂਗ ਹੀ ਸਮਾਜ ਦੇ ਹਰੇਕ ਖੇਤਰ ਵਿੱਚ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ ਕਿਉਂਕਿ ਇਸੇ ਤਰ੍ਹਾਂ ਸਮਾਜ ਦਾ ਚੋਹਤਰਫਾ ਵਿਕਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਾਡੀ ਨੌਜਵਾਨ ਪੀੜ੍ਹੀ ਗਲਤ ਸੰਗਤ ਵਿੱਚ ਪੈ ਕੇ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਚਲੀ ਗਈ ਜੋ ਕਿ ਸਾਡੇ ਸਭਨਾਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਸ਼ਿਆਂ ਦੇ ਆਦੀ ਨੌਜਵਾਨਾਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਮੁੜ ਤੋਂ ਸਮਾਜ ਅੰਦਰ ਚੰਗੇ ਨਾਗਰਿਕ ਦੀ ਤਰ੍ਹਾਂ ਜੀਵਨ ਬਤੀਤ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇ, ਇਸ ਲਈ ਜੇਕਰ ਕਿਸੇ ਪਰਿਵਾਰ ਦਾ ਕੋਈ ਬੇਟਾ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ ਤਾਂ ਉਸ ਬਾਰੇ ਸਥਾਨਕ ਵਿਧਾਇਕ ਜਾਂ ਸਿੱਧੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਸੂਬੇ ਅੰਦਰੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ। ਜੌੜੇਮਾਜਰਾ ਨੇ ਪਿੰਡਾਂ ਦੇ ਲੋਕਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਪਸੀ ਭਾਈਚਾਰੇ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਇਸ ਲਈ ਆਉਣ ਵਾਲੀਆਂ ਪੰਚਾਇਤੀ ਚੋਣਾ ਵਿੱਚ ਪਿੰਡਾਂ ਦੇ ਲੋਕ ਸਰਬ ਸੰਮਤੀ ਨਾਲ ਪੰਚਾਇਤਾਂ ਦੀ ਚੋਣ ਕਰਨ ਅਤੇ ਪਿੰਡਾਂ ਦੇ ਸਰਪੰਚ ਜਾਂ ਪੰਚ ਦੀ ਚੋਣ ਬਿਨਾਂ ਕਿਸੇ ਲਾਲਚ ਜਾਂ ਦਬਾਅ ਤੋਂ ਕੀਤੀ ਜਾਵੇ ਤਾਂ ਜੋ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਨਾਲ ਪਿੰਡਾਂ ਦਾ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਨਸ਼ਿਆਂ ਦਾ ਲਾਲਚ ਦੇਣ ਵਾਲੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਵੋ ਸਗੋਂ ਅਜਿਹੇ ਲੋਕਾਂ ਨੂੰ ਆਪਣੀ ਵੋਟ ਨਾ ਦੇਵੋ ਕਿਉਂਕਿ ਅਜਿਹਾ ਕਰਕੇ ਅਸੀਂ ਨਸ਼ਿਆਂ ਦਾ ਖਾਤਮਾ ਕਰ ਸਕਦੇ ਹਾਂ। ਉਨ੍ਹਾਂ ਪਿੰਡ ਲਟੌਰ ਦੀ ਪੰਚਾਇਤ ਵੱਲੋਂ ਕਰਵਾਈਆਂ ਤੀਆਂ ਤੀਜ ਦੀਆਂ ਸਮਾਗਮ ਦੀ ਸ਼ਲਾਘਾ ਵੀ ਕੀਤੀ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਅਜਿਹੇ ਸਮਾਗਮ ਵੇਖ ਕੇ ਦਿਲ ਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਤਿਓਹਾਰ ਸਾਡੇ ਤੋਂ ਖੁਸਦੇ ਜਾ ਰਹੇ ਸਨ। ਜਿਸ ਨਾਲ ਦਿਲ ਨੂੰ ਦੁੱਖ ਵੀ ਪਹੁੰਚਦਾ ਸੀ ਪ੍ਰੰਤੂ ਹੁਣ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਕਾਰਨ ਮੁੜ ਤੋਂ ਸਾਡੇ ਪੁਰਾਣੇ ਤਿਓਹਾਰ ਮਨਾਉਣੇ ਸ਼ੁਰੂ ਹੋਏ ਹਨ ਜੋ ਕਿ ਪੰਜਾਬੀਆਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਸਮਾਗਮ ਦੌਰਾਨ ਪਿੰਡ ਲਟੌਰ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸੱਭਿਆਚਾਰਕ ਸਮਾਗਮ ਦੀ ਵੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਪਿੰਡ ਲਟੌਰ ਦੀ ਪੰਚਾਇਤ ਵੱਲੋਂ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜੇਮਾਜਰਾ ਤੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦਾ ਵਿਸ਼ੇਸ਼ ਤੇ ਸਨਮਾਨ ਵੀ ਕੀਤਾ। ਇਸ ਮੌਕੇ ਪਿੰਡ ਦੀ ਸਾਬਕਾ ਸਰਪੰਚ ਰਣਜੀਤ ਕੌਰ, ਗੁਰਜੀਤ ਸਿੰਘ, ਗਿਆਨ ਸਿੰਘ, ਗਿਆਨੀ ਸੁਖਦੇਵ ਸਿੰਘ, ਦਿਆਲ ਸਿੰਘ, ਰਣਜੀਤ ਸਿੰਘ, ਵਿਧਾਇਕ ਦੇ ਪੀ.ਏ. ਮਾਨਵ, ਬਹਾਦਰ ਅਲੀ, ਰੋਹਿਤ ਸਿੰਗਲਾ ਨੰਬਰਦਾਰ ਦਰਸ਼ਨ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਬਾਬਾ ਪਰੇਮ ਸਿੰਘ, ਹਰਨੇਕ ਸਿੰਘ, ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ ਸੋਨੀ, ਬਲਦੇਵ ਸਿੰਘ ਨਲੀਨਾ, ਰਾਜਦੀਪ ਰਾਜੂ, ਬੰਟੀ ਨਲੀਨਾਂ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ ਬਿੱਟਾ, ਮੁੱਖ ਅਧਿਆਪਕ ਦਰਬਾਰਾ ਸਿੰਘ, ਅਧਿਆਪਕ ਰੂਬੀ ਖੁਲਰ, ਰੀਟਾ ਰਾਣੀ, ਸਤੀਸ਼ ਲਟੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪੰਚ, ਇਲਾਕੇ ਦੇ ਪਤਵੰਤੇ ਤੇ ਆਮ ਆਦਮੀ ਪਾਰਟੀ ਦੇ ਆਗੂ ਵੀ ਮੌਜੂਦ ਸਨ।