- ਲਾਈਸੈਂਸ ਲੈਣ ਲਈ ਸੇਵਾ ਕੇਂਦਰ 'ਤੇ 16 ਤੋਂ 18 ਅਕਤੂਬਰ ਤੱਕ ਕੀਤਾ ਜਾ ਸਕਦਾ ਹੈ ਅਪਲਾਈ
- ਆਰਜ਼ੀ ਲਾਇਸੈਂਸ ਧਾਰਕ ਹੀ ਵੇਚ ਸਕਣਗੇ ਪਟਾਕੇ
ਬਰਨਾਲਾ, 10 ਅਕਤੂਬਰ : ਦੀਵਾਲੀ/ਗੁਰਪੁਰਬ ਦੇ ਮੱਦੇਨਜ਼ਰ ਗਰੀਨ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਲਈ ਅਪਲਾਈ ਕਰਨ ਵਾਲਿਆਂ ਲਈ ਡਰਾਅ 23 ਅਕਤੂਬਰ ਨੂੰ ਕੱਢੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ, ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਪ੍ਰਾਪਤ ਹੋਈਆਂ ਦਰਖਾਸਤਾਂ ਅਨੁਸਾਰ ਡਰਾਅ ਰਾਹੀਂ ਆਰਜ਼ੀ ਲਾਇਸੈਂਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪਬਲਿਕ ਪਟਾਕਿਆਂ ਦੀ ਵਿਕਰੀ ਲਈ 16 ਅਕਤੂਬਰ ਤੋਂ 18 ਅਕਤੂਬਰ ਤੱਕ ਅਸਥਾਈ ਲਾਇਸੈਂਸ ਲੈਣ ਲਈ ਸੇਵਾ ਕੇਂਦਰਾਂ 'ਤੇ ਅਪਲਾਈ ਕੀਤਾ ਜਾ ਸਕੇਗਾ, ਜਿਸ ਸਬੰਧੀ 23 ਅਕਤੂਬਰ ਨੂੰ ਡਰਾਅ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਮੈਰਿਜ ਪੈਲੇਸਾਂ ਵਿੱਚ ਵਿਆਹ ਅਤੇ ਹੋਰ ਸਮਾਂਗਮਾਂ ਦੇ ਮੌਕੇ ਪਟਾਖੇ ਚਲਾਉਣ ਲਈ ਵੱਖਰਾ ਲਾਇਸੈਂਸ ਲੈਣਾ ਹੋਵੇਗਾ, ਜਿਸ ਦੀ ਪੂਰਨ ਜ਼ਿੰਮੇਵਾਰੀ ਮੈਰਿਜ ਪੈਲੇਸ ਦੇ ਮਾਲਕ ਦੀ ਹੋਵੇਗੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਦੇ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿੱਚ ਗਰੀਨ ਪਟਾਕਿਆਂ ਲਈ ਹੀ ਲਾਈਸੈਂਸ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲਾਇਸੈਂਸ ਧਾਰਕ ਲੋੜੀਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਪਟਾਕਿਆਂ ਦੀ ਵਿਕਰੀ ਨਿਰਧਾਰਤ ਥਾਵਾਂ 'ਤੇ ਹੀ ਕੀਤੀ ਜਾ ਸਕੇਗੀ। ਡਿਪਟੀ ਕਮਿਸ਼ਨਰ ਵੱਲੋਂ ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਪਟਾਕਿਆਂ ਦੇ ਧੂੰਏਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਨਾਲ ਹੁੰਦੇ ਨੁਕਸਾਨ ਬਾਰੇ ਜਾਣੂ ਕਰਵਾਇਆ ਜਾਵੇ।