- ਖੇਤੀਬਾੜੀ ਮੰਤਰੀ ਖੁੱਡੀਆਂ ਨੇ ਪੀ.ਏ.ਯੂ. ਵਿਚ ਡਾ. ਜੀ ਐੱਸ ਖੁਸ਼ ਸੰਸਥਾਨ ਅਤੇ ਅਜਾਇਬ ਘਰ ਦਾ ਉਦਘਾਟਨ ਕੀਤਾ
ਲੁਧਿਆਣਾ, 16 ਅਕਤੂਬਰ : ਸੰਸਾਰ ਦੇ ਪ੍ਰਸਿੱਧ ਝੋਨਾ ਵਿਗਿਆਨੀ ਅਤੇ ਦੁਨੀਆਂ ਦੇ ਵੱਕਾਰੀ ਵਿਸ਼ਵ ਭੋਜਨ ਇਨਾਮ ਜੇਤੂ ਡਾ. ਗੁਰਦੇਵ ਸਿੰਘ ਖੁਸ਼ ਦੇ ਨਾਮ ਤੇ ਪੀ.ਏ.ਯੂ. ਵਿਚ ਗੁਰਦੇਵ ਸਿੰਘ ਖੁਸ਼ ਜੈਨੇਟਿਕਸ, ਪਲਾਂਟ ਬਰੀਡਿੰਗ ਅਤੇ ਬਾਇਓਤਕਨਾਲੋਜੀ ਸੰਸਥਾਨ ਦੇ ਨਾਲ ਡਾ. ਖੁਸ਼ ਮਿਊਜ਼ੀਅਮ ਦਾ ਉਦਘਾਟਨ ਅੱਜ ਪੰਜਾਬ ਦੇ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ। ਇਹ ਉਦਘਾਟਨ ਪੀ.ਏ.ਯੂ. ਵਿਚ ਜਾਰੀ ਖੇਤੀ ਅਜਾਇਬ ਘਰਾਂ ਦੀ 20ਵੀਂ ਕਾਨਫਰੰਸ ਦੇ ਅਰੰਭ ਮੌਕੇ ਕੀਤਾ ਗਿਆ। ਇਸ ਸੰਸਥਾਨ ਅਤੇ ਅਜਾਇਬ ਘਰ ਦੀ ਸਥਾਪਨਾ ਰਾਹੀਂ ਪੀ.ਏ.ਯੂ. ਦੇ ਕਿਸਾਨੀ ਸਮਾਜ ਨੂੰ 60 ਸਾਲਾਂ ਦੌਰਾਨ ਦਿੱਤੇ ਸਹਿਯੋਗ ਅਤੇ ਕਾਰਜਾਂ ਦੇ ਮਹੱਤਵ ਨੂੰ ਯਾਦ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਖੇਤੀਬਾੜੀ ਮੰਤਰੀ ਸ. ਖੁੱਡੀਆਂ ਨੇ ਕਿਹਾ ਕਿ ਡਾ. ਖੁਸ਼ ਨੇ ਪੰਜਾਬ ਦੀ ਕਿਸਾਨੀ ਅਤੇ ਵਿਗਿਆਨ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਉਹਨਾਂ ਕਿਹਾ ਅੱਜ ਵਿਸ਼ਵ ਭੋਜਨ ਦਿਵਸ ਦੇ ਮੌਕੇ ਤੇ ਸਾਡੇ ਇਸ ਉੱਚ ਦੁਮਾਲੜੇ ਵਿਗਿਆਨੀ ਦੇ ਕਾਰਜਾਂ ਨੂੰ ਯਾਦ ਕਰਨ ਦਾ ਇਸ ਤੋਂ ਬਿਹਤਰ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਉਹਨਾਂ ਦੇ ਨਾਮ ਤੇ ਖੇਤੀ ਸੰਸਥਾਨ ਅਤੇ ਅਜਾਇਬ ਘਰ ਸਥਾਪਿਤ ਕੀਤਾ ਜਾਵੇ| ਉਹਨਾਂ ਕਿਹਾ ਕਿ ਡਾ. ਖੁਸ਼ ਨੇ ਕਿਸਾਨੀ ਸਮਾਜ ਦੀ ਹੀ ਨਹੀਂ ਬਲਕਿ ਮਨੁੱਖਤਾ ਦੀ ਭਲਾਈ ਲਈ ਇਤਿਹਾਸਕ ਕਾਰਜ ਕੀਤਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਗੁਰਦੇਵ ਸਿੰਘ ਖੁਸ਼ ਨੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਪੰਜਾਬ ਦੇ ਸਾਬਕਾ ਆਰਕੀਟੈਕਟ ਸ਼੍ਰੀ ਐੱਸ ਐੱਸ ਸੇਖੋਂ ਦਾ ਧੰਨਵਾਦ ਕਰਦਿਆਂ ਇਸ ਸੰਸਥਾਨ ਅਤੇ ਅਜਾਇਬ ਘਰ ਦੀ ਸਥਾਪਨਾ ਲਈ ਦਿਲੀ ਅਭਾਰ ਪ੍ਰਗਟ ਕੀਤਾ। ਡਾ. ਖੁਸ਼ ਨੇ ਕਿਹਾ ਕਿ ਇਹ ਸੰਸਥਾਨ ਜੀਨ ਵਿਗਿਆਨ ਅਤੇ ਬਾਇਓਤਕਨਾਲੋਜੀ ਵਿਚ ਦੁਨੀਆਂ ਦੀਆਂ ਵਿਕਸਿਤ ਕਾਢਾਂ ਅਤੇ ਤਕਨੀਕਾਂ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਮਾਧਿਅਮ ਬਣੇਗਾ। ਇਸ ਵਿਚ ਉੱਚ ਝਾੜ ਵਾਲੀਆਂ ਕਿਸਮਾਂ ਦੇ ਨਾਲ-ਨਾਲ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦਾ ਸਾਹਮਣਾ ਕਰਨ ਵਾਲੀਆਂ ਕਿਸਮਾਂ ਉੱਪਰ ਕੰਮ ਹੋ ਸਕੇਗਾ, ਝੋਨੇ ਦੇ ਪਿਤਾਮਾ ਕਹੇ ਜਾਣ ਵਾਲੇ ਡਾ. ਖੁਸ਼ ਨੇ ਆਉਣ ਵਾਲੀਆਂ ਪੀੜੀਆਂ ਲਈ ਆਪਣੀਆਂ ਦੁਆਵਾਂ ਦਿੰਦਿਆਂ ਇਸ ਸੰਸਥਾਨ ਵੱਲੋਂ ਉਹਨਾਂ ਲਈ ਸ਼ਾਨਦਾਰ ਕੰਮ ਕਰਨ ਦੀ ਆਸ ਪ੍ਰਗਟਾਈ। ਇਸਦੇ ਨਾਲ ਹੀ ਉਹਨਾਂ ਨੇ ਆਪਣੇ ਉੱਘੇ ਮਿੱਤਰ ਅਤੇ ਖੇਤੀ ਬਾਇਓਤਕਨਾਲੋਜੀ ਮਾਹਿਰ ਡਾ. ਦਰਸ਼ਨ ਸਿੰਘ ਬਰਾੜ ਦੀ ਘਾਲਣਾ ਨੂੰ ਯਾਦ ਕੀਤਾ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨੀ ਸਮਾਜ ਲਈ ਡਾ. ਖੁਸ਼ ਵੱਲੋਂ ਕੀਤੇ ਵੱਡਮੁੱਲੇ ਕਾਰਜ ਨੂੰ ਪਛਾਣਦਿਆਂ ਕਿਹਾ ਕਿ ਉਹਨਾਂ ਨੇ 300 ਤੋਂ ਵਧੇਰੇ ਝੋਨੇ ਦੀਆਂ ਕਿਸਮਾਂ ਪੈਦਾ ਕੀਤੀਆਂ ਜੋ ਪੂਰੀ ਦੁਨੀਆਂ ਵਿਚ ਬੀਜੀਆਂ ਜਾ ਰਹੀਆਂ ਹਨ, ਡਾ. ਖੁਸ਼ ਪੀ.ਏ.ਯੂ. ਦੀ ਜ਼ਰਖੇਜ਼ ਜ਼ਮੀਨ ਨਾਲ ਜੁੜੇ ਹੋਏ ਖੇਤੀ ਵਿਗਿਆਨ ਦੇ ਉਹ ਸਤੰਭ ਹਨ ਜਿਨ੍ਹਾਂ ਦਾ ਸਿੱਕਾ ਪੂਰੀ ਦੁਨੀਆਂ ਵਿਚ ਮੰਨਿਆ ਜਾਂਦਾ ਹੈ। ਡਾ. ਗੋਸਲ ਨੇ ਕਿਹਾ ਕਿ ਡਾ. ਖੁਸ਼ ਨੇ ਕਰੋੜਾਂ ਰੁਪਏ ਪੀ.ਏ.ਯੂ. ਨੂੰ ਸਹਿਯੋਗ ਦੇ ਕੇ ਖੋਜ ਅਤੇ ਅਧਿਆਪਨ ਦੀ ਮਜ਼ਬੂਤੀ ਲਈ ਆਪਣਾ ਆਸ਼ਾ ਪ੍ਰਗਟ ਕੀਤਾ ਹੈ। ਖੇਤੀਬਾੜੀ ਕਾਲਜ ਦੇ ਸਾਬਕਾ ਡੀਨ ਡਾ. ਡੀ ਐੱਸ ਚੀਮਾ ਨੇ ਸੰਸਥਾਨ ਅਤੇ ਅਜਾਇਬ ਘਰ ਦੀ ਸਥਪਨਾ ਨੂੰ ਇਤਿਹਾਸਕ ਦਿਨ ਕਿਹਾ| ਉਹਨਾਂ ਕਿਹਾ ਕਿ ਦੁਨੀਆਂ ਦੇ ਭੋਜਨ ਦਿਵਸ ਦੇ ਮੌਕੇ ਤੇ ਇਸ ਮਾਣ ਨਾਲ ਪੀ.ਏ.ਯੂ. ਦਾ ਸਿਰ ਉੱਚਾ ਹੋਇਆ ਹੈ। ਡਾ. ਖੁਸ਼ ਬਾਰੇ ਗੱਲ ਕਰਦਿਆਂ ਖੇਤੀ ਬਾਇਓਤਕਨਾਲੋਜੀ ਸਕੂਲ ਦੇ ਪ੍ਰੋਫੈਸਰ ਡਾ. ਜੇ ਐੱਸ ਸੰਧੂ ਨੇ ਕਿਹਾ ਕਿ ਡਾ. ਖੁਸ਼ ਨੇ ਜੋ ਕਿਸਮਾਂ ਪੈਦਾ ਕੀਤੀਆਂ ਉਹਨਾਂ ਨਾਲ ਝੋਨੇ ਦੇ ਖੇਤਰ ਵਿਚ ਇਕ ਇਨਕਲਾਬ ਆ ਗਿਆ| ਉਹਨਾਂ ਵੱਲੋਂ ਸਮਰਪਣ ਨਾਲ ਕੀਤਾ ਗਿਆ ਕੰਮ ਆਉਣ ਵਾਲੀਆਂ ਪੀੜੀਆਂ ਲਈ ਰਾਹ ਦਸੇਰਾ ਬਣੇਗਾ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਡਾ. ਖੁਸ਼ ਅਤੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਹਰਵੰਤ ਕੌਰ ਖੁਸ਼ ਦਾ ਸਵਾਗਤ ਕਰਦਿਆਂ ਕਿਹਾ ਕਿ ਵਿਦੇਸ਼ ਵਿਚ ਰਹਿਣ ਦੇ ਬਾਵਜੂਦ ਪੀ.ਏ.ਯੂ. ਉਹਨਾਂ ਦੀਆਂ ਯਾਦਾਂ ਅਤੇ ਆਤਮਾ ਵਿਚ ਧੜਕਦਾ ਰਹਿੰਦਾ ਹੈ। ਖੇਤੀ ਬਾਇਓਤਕਨਾਲੋਜੀ ਸਕੂਲ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ। ਸਮਾਰੋਹ ਦਾ ਸੰਚਾਲਨ ਸੰਸਥਾਈ ਸੰਪਰਕ ਦੇ ਸਹਿਯੋਗੀ ਨਿਰਦੇਸ਼ਕ ਡਾ. ਵਿਸ਼ਾਲ ਬੈਕਟਰ ਨੇ ਕੀਤਾ। ਇਸ ਮੌਕੇ ਡਾ. ਖੁਸ਼ ਦੀ ਜੀਵਨੀ ਬਾਰੇ ਇਕ ਕਿਤਾਬਚਾ ਜਾਰੀ ਕੀਤਾ ਗਿਆ| ਇਹ ਕਿਤਾਬਚਾ ਡਾ. ਸ਼ੀਤਲ ਥਾਪਰ ਨੇ ਲਿਖਿਆ ਹੈ ਅਤੇ ਇਸ ਵਿਚ ਡਾ. ਖੁਸ਼ ਦੀ ਝੋਨੇ ਦੇ ਖੇਤਰ ਵਿਚ ਦੇਣ ਨੂੰ ਪਛਾਣਿਆ ਗਿਆ ਹੈ। ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਖੇਤੀਬਾੜੀ ਮੰਤਰੀ ਅਤੇ ਡਾ. ਖੁਸ਼ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ| ਇਸ ਸਮਾਗਮ ਵਿਚ ਕਾਨਫਰੰਸ ਵਿਚ ਭਾਗ ਲੈ ਰਿਹਾ 32 ਮੈਂਬਰੀ ਦਲ ਵੀ ਸ਼ਾਮਿਲ ਸੀ ਜਿਸਦੇ ਆਗੂ ਦਾ ਹੈਨਰੀ ਫੋਰਡ ਮਿਊਜ਼ੀਅਮ, ਅਮਰੀਕਾ ਦੇ ਕਾਰਕੁੰਨ ਡਾ. ਡੈਬਰਾ ਰੀਡ ਸਨ। ਇਸ ਤੋਂ ਇਲਾਵਾ ਸਮਾਰੋਹ ਵਿਚ ਡਾ. ਸਰਦਾਰਾ ਸਿੰਘ ਜੌਹਲ, ਦਿੱਲੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਦੀਪਕ ਪੇਂਟਲ, ਗਡਵਾਸੂ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ, ਖੇਤੀ ਵਿਗਿਆਨੀ ਭਰਤੀ ਬੋਰਡ ਦੇ ਸਾਬਕਾ ਚੇਅਰਮੈਨ ਡਾ. ਗੁਰਬਚਨ ਸਿੰਘ, ਪੰਜਾਬ ਰਾਜ ਕਿਸਾਨ ਅਤੇ ਖੇਤੀਬਾੜੀ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਅਤੇ ਜਾਣੇ-ਪਛਾਣੇ ਲੇਖਕ ਡਾ. ਦਵਿੰਦਰ ਸ਼ਰਮਾ ਸਣੇ ਕਈ ਖੇਤੀ ਵਿਗਿਆਨੀ ਸ਼ਾਮਿਲ ਹੋਏ।