- ਅੱਖਾਂ ਦਾਨ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਤੇ ਸਾਰੇ ਵਿਦਿਆਰਥੀ ਮੈਸੇਂਜਰ ਬਣ ਕੇ ਲੋਕਾਂ ਨੂੰ ਅੱਖਾਂ ਦਾਨ ਦੇ ਲਈ ਪ੍ਰੇਰਿਤ ਕਰਨ
- ਕਿਹਾ, ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਵੀ ਕੀਤਾ ਜਾਵੇ ਪ੍ਰੇਰਿਤ
ਫਾਜ਼ਿਲਕਾ 8 ਸਤੰਬਰ : ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਹੋਈ ਬੇਤਹਾਸ਼ਾ ਤਰੱਕੀ ਕਾਰਨ ਅੱਜ ਇਹ ਸੰਭਵ ਹੋ ਸਕਿਆ ਹੈ ਕਿ ਅਸੀਂ ਕੁੱਝ ਸਰੀਰਕ ਅੰਗਾਂ ਦਾ ਦਾਨ ਕਰਕੇ ਨੇਕ ਸੇਵਾ ਕਾਰਜ ਨਾਲ ਕਿਸੇ ਨੂੰ ਜੀਵਨਦਾਨ ਦੇ ਸਕਦੇ ਹਾਂ ਅਤੇ ਕਿਸੇ ਦੇ ਜੀਵਨ ਵਿੱਚ ਖੁਸ਼ੀਆਂ ਭਰ ਸਕਦੇ ਹਾਂ। ਅੰਗ ਦਾਨ ਵਿੱਚੋਂ ਹੀ ਇੱਕ ਹੈ ਅੱਖਾਂ ਦਾ ਦਾਨ ਜੋ ਕਿਸੇ ਦ੍ਰਿਸਟੀਹੀਣ ਦੇ ਜੀਵਨ ਦੇ ਹਨ੍ਹੇਰੇ ਵਿੱਚ ਚਾਨਣ ਲਿਆ ਸਕਦਾ ਹੈ। ਸਾਡੀਆਂ ਦਾਨ ਕੀਤੀਆਂ ਅੱਖਾਂ ਮੌਤ ਉਪਰੰਤ ਵੀ ਜੀਵਤ ਰਹਿ ਕੇ ਕਿਸੇ ਦੀ ਹਨੇਰੀ ਜਿੰਦਗੀ ਵਿੱਚ ਉਜਾਲਾ ਪੈਦਾ ਕਰ ਸਕਦੀਆਂ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਨੇ ਹੋਲੀ ਹਾਰਟ ਪਬਲਿਕ ਸਕੂਲ ਫਾਜ਼ਿਲਕਾ ਵਿਖੇ ਅੱਖਾਂ ਦਾਨ ਕਰਨ ਦੇ ਮਹੱਤਵ ਬਾਰੇ ਰੱਖੇ ਸੈਮੀਨਾਰ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਸਮੂਹ ਵਿਦਿਆਰਥੀਆਂ ਨੂੰ ਕਿਹਾ ਕਿ ਇਸ ਨੇਕ ਕਾਰਜ ਵਿੱਚ ਵਿਦਿਆਰਥੀਆਂ ਨੂੰ ਇੱਕ ਮੈਸੇਂਜਰ (ਦੂਤ) ਬਣ ਕੇ ਕੰਮ ਕਰਨਾ ਚਾਹੀਦਾ ਹੈ ਅਤੇ ਹਰੇਕ ਵਿਦਿਆਰਥੀ 10 ਵਿਅਕਤੀਆਂ ਨੂੰ ਅੱਖਾਂ ਦਾਨ ਕਰਨ ਅਤੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰੇ। ਉਨ੍ਹਾਂ ਕਿਹਾ ਕਿ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਇੱਕ ਨੈੱਟਵਰਕਿੰਗ ਚੇਨ ਬਣਾਈ ਜਾਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਅੱਖਾਂ ਦਾਨ ਕਰਨ ਦੀ ਮਹੱਤਤਾ ਬੱਚੇ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਵੀ ਦੱਸਣ ਕਿ ਕਿਸ ਤਰ੍ਹਾਂ ਅੱਖਾਂ ਦਾਨ ਕਰਨ ਨਾਲ ਕਿਸੇ ਦਾ ਹਨੇਰਾ ਜੀਵਨ ਰੌਸ਼ਨ ਕੀਤਾ ਜਾ ਸਕਦਾ ਹੈ ਤੇ ਇੱਕ ਵਿਅਕਤੀ ਦੀਆਂ ਅੱਖਾਂ ਦਾਨ ਕਰਨ ਨਾਲ ਦੋ ਵਿਅਕਤੀਆਂ ਦੀ ਜ਼ਿੰਦਗੀ ਰੌਸ਼ਨ ਹੋ ਸਕਦੀ ਹੈ।। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਖੂਬਸੂਰਤ ਜ਼ਿੰਦਗੀ ਬਿਨਾਂ ਅੱਖਾਂ ਦੀ ਨਜ਼ਰ ਤੋਂ ਜਿਊਣ ਬਾਰੇ ਸੋਚੀਏ ਤਾਂ ਸਾਡੇ ਅੱਗੇ ਹਨੇਰਾ ਜਿਹਾ ਜਾਪਣ ਲੱਗਦਾ ਹੈ ਅਤੇ ਅਜੀਬ ਜਿਹੀ ਘਬਰਾਹਟ ਹੋਣ ਲੱਗਦੀ ਹੈ। ਸਕੂਲ ਦੇ ਮੈਨੇਜਰ ਅਨਮੋਲ ਭੁਸਰੀ ਅਤੇ ਵਾਈਸ ਪ੍ਰਿੰਸੀਪਲ ਸ਼ਿਲਪਾ ਭੁਸਰੀ ਦੀ ਨਰਸਰੀ ਜਮਾਤ ਦੀ ਵਿਦਿਆਰਥਣ ਅਨਾਇਸ਼ਾ ਨੇ ਅੱਖਾਂ ਦਾਨ ਦੀ ਮਹੱਤਤਾ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਸਿਰਫ ਆਪਣੀਆਂ ਅੱਖਾਂ ਨਾਲ ਹੀ ਅੱਜ ਜੋ ਅਸੀਂ ਚੰਦਰਯਾਨ ਨੂੰ ਚੰਦਰਮਾ 'ਤੇ ਜਾਂਦੇ ਦੇਖ ਸਕੇ ਰਹੇ ਹਾਂ। ਇਸ ਲਈ ਤੁਸੀਂ ਆਪ ਹੀ ਸਮਝ ਲਵੋ ਕਿ ਅੱਖਾਂ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਏਡਜ਼, ਪੀਲੀਆ, ਬਲੱਡ ਕੈਂਸਰ ਜਾਂ ਮੈਨਿਨਜਾਈਟਿਸ ਵਰਗੀਆਂ ਬਿਮਾਰੀਆਂ ਤੋਂ ਪੀੜਤ ਹੈ ਤਾਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਨੇ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਅੱਖਾਂ ਦਾਨ ਦੀ ਮਹੱਤਤਾ ਲਈ ਲਗਾਏ ਜਾ ਰਹੇ ਸੈਮੀਨਾਰਾਂ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਕੂਲੀ ਬੱਚਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਵਚਨ ਦੇਣ ਕਿ ਉਹ ਅੱਖਾਂ ਦਾਨ ਤੋਂ ਇਲਾਵਾ ਪਰਾਲੀ ਨਾ ਸਾੜਨ ਬਾਰੇ ਵੀ ਆਪਣੇ ਮਾਤਾ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਜ਼ਿਲ੍ਹਾ ਬਣਾਉਣ ਲਈ ਸਾਰਿਆ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤੇ ਬੱਚੇ ਆਪਣੇ ਰਿਸ਼ਤੇਦਾਰ ਅਤੇ ਪਿੰਡ ਵਾਸੀਆਂ ਨੂੰ ਪਰਾਲੀ ਨਾਲ ਹੁੰਦੇ ਨੁਕਸਾਨਾਂ ਬਾਰੇ ਦੱਸਣ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਤੋਂ ਪੈਦਾ ਹੋਇਆ ਧੂੰਆ ਸਾਡੀਆਂ ਅੱਖਾਂ ਦੇ ਬਹੁਤ ਮਾੜਾ ਪ੍ਰਭਾਵ ਪਾਉਂਦਾ ਹੈ ਅਤੇ ਅਨੇਕਾਂ ਹੋਰ ਵੀ ਚਮੜੀ ਅਤੇ ਸਾਹ ਦੀਆਂ ਭਿਆਨਕ ਬਿਮਾਰੀਆਂ ਨੂੰ ਸਿਰਜਦਾ ਹੈ ਤੇ ਜਿਸ ਨਾਲ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਸਾਹ ਲੈਣ ਜਾਂ ਹੋਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਨੂੰ ਇਹ ਜਾਗਰੂਕ ਕਰਨ ਕਿ ਆਧੁਨਿਕ ਸੰਦਾਂ ਨਾਲ ਉਹ ਆਪਣੀ ਫਸਲ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹੁਣ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧੇਗੀ ਤੇ ਅਗਲੀ ਫਸਲ ਦਾ ਝਾੜ ਵੀ ਵਧੇਗਾ। ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਨੇ ਕਿਹਾ ਕਿ ਅੱਖਾਂ ਦਾਨ ਨੂੰ ਲੋਕ ਲਹਿਰ ਬਣਾਉਣਾ ਚਾਹੀਦਾ ਹੈ। ਸਾਡੀ ਸੋਸ਼ਲ ਵੈਲਫੇਅਰ ਸੁਸਾਇਟੀ ਦਿਨ-ਰਾਤ 24 ਘੰਟੇ ਅੱਖਾਂ ਦਾਨ ਕਰਵਾਉਣ ਲਈ ਤਿਆਰ ਹੈ ਅਤੇ ਸੁਸਾਇਟੀ ਕੋਰਨੀਅਲ ਅੰਨ੍ਹੇਪਣ ਨੂੰ ਠੀਕ ਕਰਨ ਲਈ ਕ੍ਰੈਟੋਪਲਾਸਟੀ ਦੀ ਮੁਫਤ ਸੇਵਾ ਪ੍ਰਦਾਨ ਕਰਦੀ ਹੈ। ਸੈਮੀਨਾਰ ਦੇ ਅੰਤ ਵਿੱਚ ਡਿਪਟੀ ਕਮਿਸ਼ਨਰ ਅਤੇ ਸੁਸਾਇਟੀ ਮੈਂਬਰਾਂ ਨੂੰ ਪਿ੍ੰਸੀਪਲ ਰਿਤੂ ਭੂਸਰੀ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਅੱਖਾਂ ਦਾਨ ਨਾਲ ਸਬੰਧਤ ਪੋਸਟਰ ਵੀ ਦਿੱਤਾ ਗਿਆ। ਇਸ ਮੌਕੇ ਜਨਰਲ ਸੈਕਟਰੀ ਸੰਦੀਪ ਅਨੇਜਾ, ਨੇਤਰਦਾਨ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਮੈਡੀਕਲ ਪ੍ਰੋਜੈਕਟ ਚੇਅਰਮੈਨ ਵਿਮਲਾ ਧਵਨ, ਚਰਨਜੀਤ ਕੌਰ ਮੈਨੀ ਅਤੇ ਫਾਈਨਾਂਸ ਸੈਕਟਰੀ ਰਾਕੇਸ ਗਲਹੋਤਰਾ ਸਮੇਤ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਹਾਜ਼ਰ ਸਨ।