ਰਾਏਕੋਟ, 05 ਫਰਵਰੀ (ਚਮਕੌਰ ਸਿੰਘ ਦਿਓਲ) : ਡੋਨੇਟ ਬਲੱਡ ਟੂ ਡੋਨੇਟ ਲਾਈਫ਼ ਵੈੱਲਫੇਅਰ ਸੁਸਾਇਟੀ (ਰਜਿ.) ਰਾਏਕੋਟ ਵਲੋਂ ਅੱਜ ਸਥਾਨਕ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਵਿਖੇ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 51 ਵਿਅਕਤੀਆਂ ਵਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਹ ਸਮਾਜਸੇਵੀ ਸੰਸਥਾ ਨੌਜਵਾਨਾਂ ਵਲੋਂ ਮਿਲ ਕੇ ਤਿਆਰ ਕੀਤੀ ਗਈ ਹੈ, ਜਿਸ ਦਾ ਮੁੱਖ ਮੰਤਵ ਲੋਕ ਸੇਵਾ ਹੈ। ਉਨ੍ਹਾਂ ਕਿਹਾ ਕਿ ਸਾਡੀ ਜੱਥੇਬੰਦੀ ਵਲੋਂ ਨੌਜਵਾਨਾਂ ਦਾ ਇੱਕ ਗਰੁੱਪ ਤਿਆਰ ਕੀਤਾ ਗਿਆ ਹੈ ਜੋ ਕਿਸੇ ਵੀ ਤਰਾਂ ਦੀ ਐਮਰਜੈਂਸੀ ਸਮੇਂ ਮਰੀਜ ਨੂੰ ਖੂਨਦਾਨ ਦੇਣ ਲਈ ਤਿਆਰ ਰਹਿਣਗੇ। ਉਨ੍ਹਾਂ ਦੱਸਿਆ ਕਿ ਸੰਸਥਾ ਵਲੋਂ ਅੱਜ ਇਸ ਦੀ ਸ਼ੁਰੂਆਤ ਖੂਨਦਾਨ ਕੈਂਪ ਲਗਾ ਕੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਲਗਾਏ ਗਏ ਖੂਨਦਾਨ ਕੈਂਪ ’ਚ ਕ੍ਰਿਸ਼ਨਾ ਚੈਰੀਟੇਬਲ ਹਸਪਤਾਲ ਤੋਂ ਡਾ. ਰੀਨਾ ਗਰਗ ਦੀ ਅਗਵਾਈ ’ਚ ਆਈ ਟੀਮ ਵਲੋਂ 51 ਯੂਨਿਟ ਖੂਨ ਇਕੱਠਾ ਕੀਤਾ ਗਿਆ ਹੈ। ਇਸ ਮੌਕੇ ਸੰਸਥਾ ਵਲੋਂ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਕੈਂਪ ਨੂੰ ਸਫ਼ਲ ਬਣਾਉਣ ’ਚ ਸਹਿਯੋਗ ਦੇਣ ਵਾਲੇ ਸੱਜਣਾ ਦਾ ਧੰਨਵਾਦ ਕੀਤਾ। ਇਸ ਮੌਕੇ ਤੁਸ਼ਾਰ ਅਰੋੜਾ, ਡਾ. ਨਰਿੰਦਰ, ਗਿਆਨ ਸਿੰਘ, ਦਿਲਪ੍ਰੀਤ ਸਿੰਘ, ਰਾਘਵ, ਸਾਹਿਲ, ਮਨਜਿੰਦਰ ਸਿੰਘ, ਸਮਰਪ੍ਰੀਤ ਸਿੰਘ ਵਿਸ਼ਾਲ, ਬੱਬੂ ਆਦਿ ਮੈਂਬਰ ਵੀ ਹਾਜ਼ਰ ਸਨ।