
ਪਟਿਆਲਾ, 25 ਜਨਵਰੀ 2025 : ਰਾਜਿੰਦਰਾ ਹਸਪਤਾਲ ਪਟਿਆਲਾ ਦੀ ਬਿਜਲੀ ਬੰਦ ਹੋ ਜਾਣ ਕਾਰਨ ਓਪਰੇਸ਼ਨ ਕਰ ਰਹੇ ਡਾਕਟਰਾਂ ਵੱਲੋਂ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ 'ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋ ਮੌਕੇ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਸਿਹਤ ਮੰਤਰੀ ਨੇ ਹਸਪਤਾਲ ਪ੍ਰਸ਼ਾਸਨ, ਬਿਜਲੀ ਬੋਰਡ ਤੇ ਪੀਡਬਲਯੂਡੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਾਰੇ ਪੁਖਤਾ ਪ੍ਰਬੰਧ ਹੋਣ ਦੇ ਬਾਵਜੂਦ ਬਿਜਲੀ ਜਾਣ 'ਤੇ ਹੈਰਾਨੀ ਪ੍ਰਗਟਾਈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਡਾਕਟਰਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਸਗੋਂ ਠਰਿੰਮੇ ਨਾਲ ਕੰਮ ਲੈਣਾ ਚਾਹੀਦਾ ਹੈ। ਡਾ. ਬਲਬੀਰ ਸਿੰਘ ਨੇ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਮਾਮਲੇ ਦੀ ਜਾਚ ਪੜਤਾਲ ਕਰਨ ਲਈ ਪੁੱਜੇ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਐਮਰਜੈਂਸੀ ਹਾਲਾਤਾਂ ਵਿੱਚ ਡਾਕਟਰ ਨੂੰ ਘਬਰਾਉਣ ਦੀ ਬਜਾਏ ਉਚ ਅਧਿਕਾਰੀਆਂ ਨਾਲ ਰਾਬਤਾ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੈਨਿਕ ਹੋ ਕੇ ਅਜਿਹੇ ਕਰਨ ਨਾਲ ਸਿਹਤ ਸੰਸਥਾ ਦੀ ਬਦਨਾਮੀ ਹੁੰਦੀ ਹੈ ਇਸ ਲਈ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਬਿਜਲੀ ਸਬੰਧੀ ਪੀਡਬਲਯੂਡੀ ਦੇ ਇਲੈਕਟ੍ਰਿਕ ਵਿਭਾਗ ਦੀ ਜਿੰਮੇਵਾਰੀ ਹੈ ਜਿਸ ਸਬੰਧੀ ਇਨਕੁਆਰੀ ਕੀਤੀ ਜਾਵੇਗੀ ਕਿ ਤਿੰਨ ਹੌਟ ਲਾਈਨਾ ਹੋਣ ਦੇ ਵਾਬਜੂਦ ਵੀ ਅਜਿਹਾ ਕਿਉਂ ਹੋਇਆ ਹੈ।