ਸ੍ਰੀ ਮੁਕਤਸਰ ਸਾਹਿਬ 12 ਨਵੰਬਰ 2024 : ਸ੍ਰੀ ਰਾਜੇਸ਼ ਤ੍ਰਿਪਾਠੀ, ਆਈ.ਏ.ਐਸ., ਜਿਲ੍ਹਾ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਭਾਰਤੀਯ ਨਾਗਰਿਕ ਸੁਰੱਖਿਆ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦਾ ਹੋਇਆ ਭਾਰਤ ਚੋਣ ਕਮਿਸ਼ਨ, ਵੱਲੋਂ ਜਾਰੀ ਸਟੈਡਰਡ ਓਪਰੇਟਿੰਗ ਪਰਸੀਜਰ ਤਹਿਤ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਤਰੀਕੇ ਨਾਲ, ਨਿਰਵਿਘਨ ਕਰਵਾਉਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ, ਚੋਣਾਂ ਵਾਲੇ ਦਿਨ 20 ਨਵੰਬਰ 2024 ਨੂੰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ-84 ਗਿੱਦੜਬਾਹਾ ਦੇ ਅੰਦਰ ਬਣੇ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਪਾਬੰਦੀਆਂ ਲਗਾਉਣ ਦਾ ਹੁਕਮ ਕੀਤੇ ਹਨ। ਹੁਕਮ ਅਨੁਸਾਰ ਪੋਲਿੰਗ ਬੂਥਾਂ ਜਾਂ ਜਨਤਕ ਜਾਂ ਨਿੱਜੀ ਜਗ੍ਹਾਂ ਤੇ ਕਿਸੇ ਵੀ ਉਮੀਦਵਾਰ ਜਾਂ ਉਸ ਦੇ ਸਮਰਥਕਾਂ ਵੱਲੋਂ ਪ੍ਰਚਾਰ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਵਿਅਕਤੀ ਵੱਲੋ ਪੋਲਿੰਗ ਬੂਥਾਂ ਦੇ ਨਜ਼ਦੀਕ ਸ਼ੋਰ ਸ਼ਰਾਬਾ, ਹੁੱਲੜਬਾਜੀ ਵੀ ਨਹੀਂ ਕੀਤਾ ਜਾਵੇਗੀ। ਕਿਸੇ ਵੀ ਵਿਅਕਤੀ ਵੱਲੋ ਪੋਲਿੰਗ ਬੂਥਾਂ ਦੇ 100 ਮੀਟਰ ਦੇ ਘੇਰੇ ਅੰਦਰ ਸੈਲੂਲਰ ਫੋਨ/ਕੋਰਡਲੈਸ ਫੋਨ/ ਵਾਇਰਲੈਸ ਸੈਟ/ਲਾਊਡ ਸਪੀਕਰ/ਮੈਗਾਫੋਨ ਆਦਿ ਦੀ ਵਰਤੋਂ ਨਹੀ਼ ਕੀਤੀ ਜਾਵੇਗੀ। ਇਹ ਹੁਕਮ ਚੋਣ ਡਿਊਟੀ ਤੇ ਤਾਇਨਾਤ ਹੋਣ ਅਬਜਰਵਰ, ਪ੍ਰਸ਼ਾਸਨਿਕ/ਪੁਲਿਸ ਅਧਿਕਾਰੀ, ਡਿਊਟੀ ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ, ਪੋਲਿੰਗ/ਕਾਊਟਿੰਗ ਨਾਲ ਸਬੰਧਤ ਸਰਕਾਰੀ ਕਰਮਚਾਰੀਆਂ ਤੇ ਲਾਗੂ ਨਹੀਂ ਹੋਵੇਗਾ। ਪ੍ਰਚਾਰ ਨਾਲ ਸਬੰਧਤ ਕਿਸੇ ਵੀ ਕਿਸਮ ਦਾ ਪੋਸਟਰ/ਬੈਨਰ ਨਹੀਂ ਲਗਾਇਆ ਜਾਵੇਗਾ। ਕੋਈ ਵੀ ਰਾਜਨੀਤਿਕ ਪਾਰਟੀ, ਚੋਣ ਲੜ ਰਿਹਾ ਉਮੀਦਵਾਰ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਪੋਲਿੰਗ ਬੂਥ/ਟੈਂਟ ਨਹੀਂ ਲਗਾਏਗਾ। ਕੋਈ ਵੀ ਵਿਅਕਤੀ, ਸਿਵਾਏ ਭਾਰਤ ਚੋਣ ਕਮਿਸ਼ਨ, ਜਿਲ੍ਹਾ ਚੋਣ ਅਫਸਰ, ਸ੍ਰੀ ਮੁਕਤਸਰ ਸਾਹਿਬ ਜਾਂ ਸਹਾਇਕ ਰਿਟਰਨਿੰਗ ਅਫਸਰ ਵੱਲੋ ਅਧਿਕਾਰਿਤ ਵਿਅਕਤੀ, ਕਿਸੇ ਵੀ ਪੋਲਿੰਗ ਬੂਥ ਦੇ 200 ਮੀਟਰ ਦੇ ਘੇਰੇ ਅੰਦਰ ਆਪਣਾ ਪ੍ਰਾਈਵੇਟ ਵਹੀਕਲ ਨਹੀਂ ਲਿਜਾਏਗਾ। ਹੁਕਮਾਂ ਦੀ ਉਲੰਘਣਾ ਕਰਨ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।