- ਵਧੀਕ ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ ਨੂੰ ਵੰਡੀਆਂ ਗਰਮ ਲੋਈਆਂ
ਫਾਜ਼ਿਲਕਾ 16 ਅਕਤੂਬਰ : ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਦੇ ਦਿਸ਼ਾ ਨਿਰਦੇਸ਼ਾ ਹੇਠ "ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਤਹਿਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਫਾਜ਼ਿਲਕਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਾਜ਼ਿਲਕਾ ਵਿਖੇ ਜ਼ਿਲ੍ਹਾ ਪੱਧਰੀ ਸੀਨੀਅਰ ਸਿਟੀਜਨ ਦਿਵਸ ਵਿਖੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਦੌਰਾਨ ਸਕੂਲੀ ਵਿਦਿਆਰਥਣਾਂ ਵੱਲੋਂ ਬਜ਼ੁਰਗਾਂ ਦੇ ਸਤਿਕਾਰ ਲਈ ਜਿੱਥੇ ਕਵਿਤਾ ਗਾਇਣ ਰਾਹੀਂ ਬਜ਼ੁਰਗਾਂ ਦੀ ਹੌਂਸਲਾ ਅਫਜਾਈ ਕੀਤੀ ਉੱਥੇ ਹੀ ਸ਼ਬਦ ਗਾਇਣ ਅਤੇ ਲੋਕ ਨਾਚ ਗਿੱਧੇ ਦੀ ਪੇਸ਼ਕਾਰੀ ਕਰਕੇ ਸਮੂਹ ਹਾਜ਼ਰੀਨ ਦਾ ਮਨ ਵੀ ਮੋਹਿਆ। ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ.) ਰਵਿੰਦਰ ਸਿੰਘ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਹਾਜ਼ਰ ਸੀਨੀਅਰ ਸਿਟੀਜ਼ਨਾਂ ਨੂੰ ਮਿਲਕੇ ਉਨ੍ਹਾਂ ਨੂੰ ਆਪਣੇਪਨ ਦਾ ਅਹਿਸਾਸ ਦਵਾਇਆ। ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਬਜ਼ੁਰਗਾਂ ਦੇ ਮਾਣ ਅਤੇ ਖ਼ਸੀ ਲਈ ਮਨਾਇਆ ਜਾਂਦਾ ਹੈ ਤਾਂ ਜੋ ਸਾਰੇ ਲੋਕ ਆਪਣੇ ਮਾਤਾ-ਪਿਤਾ ਦਾ ਮਾਣ ਅਤੇ ਸਤਿਕਾਰ ਕਰਨ। ਉਨ੍ਹਾਂ ਬਜ਼ੁਰਗਾਂ ਨੂੰ ਗਰਮ ਲੋਈਆਂ ਦੇ ਕੇ ਸੀਨੀਅਰ ਸਿਟੀਜ਼ਨ ਦਿਵਸ ਦੀ ਵਧਾਈ ਵੀ ਦਿੱਤੀ ਤੇ ਕਿਹਾ ਕਿ ਤੁਸੀਂ ਸਾਡਾ ਮਾਣ ਹੋ ਤੇ ਇਨ੍ਹਾਂ ਬਜ਼ੁਰਗਾਂ ਦੀ ਬਦੌਲਤ ਹੀ ਅਸੀਂ ਏਨਾ ਮੁਕਾਮਾਂ ਤੇ ਪਹੁੰਚੇ ਹਾਂ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਫਾਜ਼ਿਲਕਾ ਰਾਜਕਿਰਨ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ 94272 ਲਾਭਪਾਤਰੀ ਬੁਢਾਪਾ ਪੈਨਸ਼ਨ ਸਕੀਮ ਦਾ ਲਾਭ ਉਠਾ ਰਹੇ ਹਨ ਤੇ ਇਨ੍ਹਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪ੍ਰਤੀ ਮਹੀਨੇ 141408000 ਰੁਪਏ ਦੀ ਅਦਾਇਗੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਜਿੱਥੇ ਸਮਾਜਿਕ ਸੁਰੱਖਿਆ ਵਿਭਾਗ ਫਾਜ਼ਿਲਕਾ ਵੱਲੋਂ ਬਜ਼ੁਰਗਾਂ ਦੀ ਬੁਢਾਪਾ ਪੈਨਸ਼ਨ ਲਗਾਉਣ ਅਤੇ ਸੀਨੀਅਰ ਸਿਟੀਜ਼ਨ ਕਾਰਡ ਬਣਾਉਣ ਲਈ ਕਾਊਂਟਰ ਲਗਾਇਆ ਗਿਆ ਉੱਥੇ ਹੀ ਸਿਹਤ ਵਿਭਾਗ ਵੱਲੋਂ ਬਜ਼ੁਰਗਾਂ ਦੇ ਕੰਨਾਂ, ਅੱਖਾਂ ਅਤੇ ਸਿਹਤ ਜਾਂਚ ਲਈ ਵੀ ਅਲੱਗ ਤੋਂ ਕਾਊਂਟਰ ਸਥਾਪਿਤ ਕੀਤੇ ਗਏ। ਸਟੇਜ ਸੰਚਾਲਨ ਦੀ ਭੂਮਿਕਾ ਗੁਰਸ਼ਿੰਦਰਪਾਲ ਸਿੰਘ ਨੇ ਨਿਭਾਈ। ਇਸ ਮੌਕੇ ਪ੍ਰਿੰਸੀਪਲ ਸੁਤੰਤਰ ਪਾਠਕ, ਸੀਨੀਅਰ ਮੈਡੀਕਲ ਅਫਸਰ ਫਾਜ਼ਿਲਕਾ ਡਾ. ਐਰਿਕ, ਇੰਚਾਰਜ ਸੱਭਿਆਚਾਰ ਪ੍ਰੋਗਰਾਮ ਅਕਾਸਦੀਪ ਡੋਡਾ ਅਤੇ ਹਰਸ ਜੁਨੇਜਾ, ਐੱਨ.ਜੀ.ਓ ਸ੍ਰੀਮਤੀ ਭਾਵਨਾ ਸਾਹਨੀ, ਹਰਪ੍ਰੀਤ ਸਿੰਘ, ਸੀਡੀਪੀਓ ਦਫਤਰ ਤੋਂ ਸੁਪਰਵਾਈਜ਼ਰ, ਆਂਗਣਵਾੜੀ ਵਰਕਰਜ਼ ਅਤੇ ਰੈੱਡ ਕਰਾਸ ਵਲੰਟੀਅਰਜ਼ ਆਦਿ ਹਾਜ਼ਰ ਸਨ।